ਜਾਡਲਾ, 10 ਮਈ (ਹਰਕੰਵਲ ਸਿੰਘ ਕੌਲਗੜ੍ਹ)-ਬਲਾਚੌਰ ਹਲਕੇ ਦੀਆਂ ਮੁੱਢਲੀਆਂ ਸੜਕਾਂ 'ਚੋਂ ਇਕ ਮੰਨੀ ਜਾਂਦੀ ਗੜ੍ਹੀ ਕਾਨੂੰਗੋ ਤੋਂ ਖ਼ਾਨਪੁਰ ਕੁੱਲੇਵਾਲ ਲਿੰਕ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ | ਦੋ ਮੁੱਖ ਮਾਰਗਾਂ ਨੂੰ ਜੋੜਨ ਵਾਲੀ ਇਹ ਅਹਿਮ ਲਿੰਕ ਰੋਡ ਟੋਇਆਂ 'ਚ ਤਬਦੀਲ ਹੋ ਗਈ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਰੋਜ਼ਾਨਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਲਿੰਕ ਰੋਡ ਫਗਵਾੜਾ-ਰੂਪਨਗਰ ਮੁੱਖ ਸੜਕ ਤੋਂ ਪਿੰਡ ਗੜ੍ਹੀ ਕਾਨੂੰਗੋ 'ਚੋਂ ਨਿਕਲਦੀ ਹੈ ਤੇ ਖ਼ਾਨਪੁਰ ਕੁੱਲੇਵਾਲ ਹੁੰਦੀ ਹੋਈ ਗੜ੍ਹਸ਼ੰਕਰ-ਬਲਾਚੌਰ ਮੁੱਖ ਮਾਰਗ ਨੂੰ ਜਾ ਮਿਲਦੀ ਹੈ | ਇਸ ਕਰਕੇ ਇਹ ਸੜਕ ਸੈਂਕੜੇ ਰਾਹਗੀਰਾਂ ਤੇ ਦਰਜਨਾਂ ਪਿੰਡਾਂ ਲਈ ਆਵਾਜਾਈ ਦਾ ਮੁੱਖ ਸਾਧਨ ਹੈ | ਪਿੰਡ ਗੜ੍ਹੀ ਕਾਨੂੰਗੋ ਦੇ ਨੌਜਵਾਨ ਕਿਸਾਨ ਨੇ ਦੱਸਿਆ ਕਿ ਸੜਕ 'ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ | ਬਰਸਾਤ 'ਚ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ ਜਿਸ ਕਾਰਨ ਇਸ ਸੜਕ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ, ਦੋ-ਪਹੀਆ ਵਾਹਨ ਤਿਲਕ ਕੇ ਡਿੱਗ ਪੈਂਦੇ ਹਨ | ਸਕੂਲੀ ਬੱਸਾਂ ਨੂੰ ਵੀ ਇਸ ਸੜਕ 'ਤੇ ਆਉਣ ਤੋਂ ਗੁਰੇਜ਼ ਕਰਨਾ ਪੈਂਦਾ ਹੈ | ਪਿੰਡ ਵਾਸੀਆਂ ਮੁਤਾਬਿਕ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੀ ਕੋਈ ਸਾਰ ਨਹੀਂ ਲਈ ਗਈ | ਚੋਣਾਂ ਵੇਲੇ ਵਾਅਦੇ ਤਾਂ ਬਹੁਤ ਹੁੰਦੇ ਹਨ, ਪਰ ਕੰਮ ਕੋਈ ਨਹੀਂ ਹੁੰਦਾ | ਹਲਕੇ ਦੇ ਆਗੂ ਵੋਟਾਂ ਮੰਗਣ ਆਉਂਦੇ ਹਨ, ਫ਼ੋਟੋ ਖਿਚਵਾ ਕੇ ਚਲੇ ਜਾਂਦੇ ਹਨ, ਸੜਕ ਉਵੇਂ ਦੀ ਉਵੇਂ ਖਸਤਾ ਹਾਲਤ 'ਚ ਪਈ ਹੈ | ਪਿੰਡ ਗੜ੍ਹੀ ਕਾਨੂੰਗੋਂ, ਖ਼ਾਨਪੁਰ ਤੇ ਕੁੱਲੇਵਾਲ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਇਸ ਲਿੰਕ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ | ਉਨ੍ਹਾਂ ਕਿਹਾ ਇਹ ਕੋਈ ਨਵੀਂ ਸੜਕ ਦੀ ਮੰਗ ਨਹੀਂ, ਸਿਰਫ਼ ਪੁਰਾਣੀ ਸੜਕ ਦੀ ਮੁਰੰਮਤ ਹੀ ਕਰਵਾ ਦਿਓ | ਬਲਾਚੌਰ ਹਲਕੇ ਦੀ ਇਹ ਮੁੱਢਲੀ ਸੜਕ ਹੈ, ਇਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਨਾਲੋਂ ਪਹਿਲਾਂ ਜ਼ਮੀਨੀ ਪੱਧਰ 'ਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ |