ਕਾਠਗੜ੍ਹ, 19 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਇਲਾਕੇ ਦੇ ਨਾਮਵਰ ਤੇ ਪ੍ਰਸਿੱਧ ਨੋਨੀ ਮਾਡਲ ਸਕੂਲ ਨੇ ਇਕ ਵਾਰ ਫਿਰ ਸਿੱਖਿਆ ਦੇ ਖੇਤਰ 'ਚ ਇਕ ਸ਼ਾਨਦਾਰ ਪ੍ਰਾਪਤੀ ਹਾਸਿਲ ਕੀਤੀ ਹੈ, 12ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ 'ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ | ਸਕੂਲ ਨੇ 100 ਫ਼ੀਸਦੀ ਨਤੀਜਾ ਪ੍ਰਾਪਤ ਕੀਤਾ ਹੈ, ਜਿਸ ਨਾਲ ਸਕੂਲ ਤੇ ਮਾਪਿਆਂ 'ਚ ਖੁਸ਼ੀ ਦੀ ਲਹਿਰ ਹੈ | ਸਕੂਲ ਦੀ ਚੇਅਰਪਰਸਨ ਪੂਜਾ ਭਾਰਦਵਾਜ ਨੇ ਇਸ ਸ਼ਾਨਦਾਰ ਸਫਲਤਾ 'ਤੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ, ਅਨੁਸ਼ਾਸਨ ਤੇ ਅਧਿਆਪਕਾਂ ਦੇ ਮਾਰਗਦਰਸ਼ਨ ਨਾਲ ਹੀ ਵਿਦਿਆਰਥੀ ਸਫਲਤਾ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚ ਸਕਦੇ ਹਨ | ਸਕੂਲ ਦੇ ਪਿ੍ੰਸੀਪਲ ਰਾਘਵ ਭਾਰਦਵਾਜ ਨੇ ਦੱਸਿਆ ਕਿ ਇਸ ਸਾਲ ਕੁੱਲ 42 ਵਿਦਿਆਰਥੀਆਂ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ ਅਤੇ ਸਾਰੇ ਸਫਲ ਹੋਏ | ਹੋਣਹਾਰ ਵਿਦਿਆਰਥਣ ਪ੍ਰਭਜੋਤ ਕੌਰ ਨੇ 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਜਦਕਿ ਕੁਮਾਰੀ ਸਪਨਾ ਨੇ ਦੂਜਾ ਸਥਾਨ ਤੇ ਜੈਸਮੀਨ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਇੰਚਾਰਜ ਮੀਨਾਕਸ਼ੀ ਰਾਣਾ, ਸੁਸ਼ਮਾ ਸ਼ਰਮਾ ਸੀਨੀਅਰ ਸੈਕੰਡਰੀ ਵਿੰਗ ਦੀ ਕੋਆਰਡੀਨੇਟਰ, ਸਰਿਤਾ ਸ਼ਰਮਾ ਅਤੇ ਤਾਰਾ ਚੰਦ ਨੇ ਵਿਦਿਆਰਥੀਆਂ ਦੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕੀਤੀ ਤੇ ਉਨ੍ਹਾਂ ਨੂੰ ਮਠਿਆਈਆਂ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |