ਸੜੋਆ, 26 ਜੁਲਾਈ (ਹਰਮੇਲ ਸਹੁੰਗੜਾ)-ਜਿੱਥੇ ਇਕ ਪਾਸੇ ਸਰਕਾਰਾਂ ਵਲੋਂ ਪਿੰਡ-ਪਿੰਡ ਵਿਚ ਮੁੱਢਲੀਆਂ ਸਹੂਲਤਾਂ ਪਹੁੰਚਾਉਣ ਤੇ ਔਰਤਾਂ ਦੇ ਸਤਿਕਾਰ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਥੇ ਹੀ ਬਲਾਕ ਸੜੋਆ ਦੇ ਬੀ. ਡੀ. ਪੀ. ਓ. ਦਫ਼ਤਰ ਵਿਚੋਂ ਇਕ ਬੇਹੱਦ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ। ਪਿੰਡਾਂ ਦੇ ਵਿਕਾਸ ਦੀ ਵਾਗਡੋਰ ਸੰਭਾਲਣ ਵਾਲੇ ਇਸ ਮੁੱਖ ਦਫ਼ਤਰ ਵਿਚ ਮਹਿਲਾਵਾਂ ਲਈ ਬਣੇ ਬਾਥਰੂਮਾਂ ਨੂੰ ਦਰਵਾਜ਼ੇ ਹੀ ਨਹੀਂ ਲੱਗੇ ਹੋਏ, ਜੋ ਪ੍ਰਸ਼ਾਸਨਿਕ ਨਾਕਾਮੀ ਤੇ ਅਣਗਹਿਲੀ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਜਿਸ ਵੀ ਠੇਕੇਦਾਰ ਜਾਂ ਜੇ. ਈ. ਨੇ ਇਸ ਦਾ ਕੰਮ ਵਿਚ ਵਿਚਾਲੇ ਛੱਡਿਆ ਉਸ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬਲਾਕ ਦਫ਼ਤਰ ਵਿਚ ਰੋਜ਼ਾਨਾ ਵੱਖ-ਵੱਖ ਪਿੰਡਾਂ ਤੋਂ ਆਉਂਦੀਆਂ ਮਹਿਲਾ ਸਰਪੰਚਾਂ, ਪੰਚਾਂ, ਹੋਰ ਮਹਿਲਾ ਆਗੂਆਂ ਤੇ ਆਮ ਔਰਤਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਦਫ਼ਤਰ ਵਿਚ ਤਾਇਨਾਤ ਮਹਿਲਾ ਸਟਾਫ਼ ਵੀ ਇਥੇ ਹੀ ਕੰਮ ਕਰਦਾ ਹੈ ਪਰ ਬਾਥਰੂਮਾਂ ’ਤੇ ਦਰਵਾਜ਼ੇ ਨਾ ਹੋਣ ਕਰਕੇ ਇਨ੍ਹਾਂ ਮਹਿਲਾਵਾਂ ਨੂੰ ਬਾਥਰੂਮ ਦੀ ਵਰਤੋਂ ਕਰਦੇ ਸਮੇਂ ਭਾਰੀ ਨਮੋਸ਼ੀ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦਫ਼ਤਰ ਆਉਣ ਵਾਲੀਆਂ ਮਹਿਲਾਵਾਂ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ਦਾ ਵਿਕਾਸ ਤੇ ਉਥੇ ਮੁੱਢਲੀਆਂ ਸਹੂਲਤਾਂ (ਜਿਵੇਂ ਸ਼ੌਚਾਲਯ ਆਦਿ) ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਬੀ. ਡੀ. ਪੀ. ਓ. ਦਫ਼ਤਰ ਦੀ ਹੁੰਦੀ ਹੈ ਪਰ ਜਿਥੇ ਖ਼ੁਦ ਇਸੇ ਦਫ਼ਤਰ ਵਿਚ ਹੀ ਔਰਤਾਂ ਲਈ ਮੁੱਢਲੀਆਂ ਸਹੂਲਤਾਂ ਦਾ ਇਹ ਹਾਲ ਹੋਵੇ, ਉਥੇ ਪਿੰਡਾਂ ਦੇ ਵਿਕਾਸ ਦੀ ਕੀ ਆਸ ਕੀਤੀ ਜਾ ਸਕਦੀ ਹੈ?। ਪੀੜਤ ਮਹਿਲਾਵਾਂ ਤੇ ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਗੰਭੀਰਤਾ ਨਾਲ ਨੋਟਿਸ ਲਿਆ ਜਾਵੇ ਅਤੇ ਬਾਥਰੂਮਾਂ ’ਤੇ ਜਲਦ ਤੋਂ ਜਲਦ ਦਰਵਾਜ਼ੇ ਲਗਵਾ ਕੇ ਔਰਤਾਂ ਦੀ ਖੱਜਲ-ਖੁਆਰੀ ਅਤੇ ਅਸੁਰੱਖਿਆ ਨੂੰ ਖ਼ਤਮ ਕੀਤਾ ਜਾਵੇ। ਇਸ ਸੰਬੰਧ ’ਚ ਬੀ. ਡੀ. ਪੀ. ਓ. ਸਤਿੰਦਰਪਾਲ ਸਿੰਘ ਨੇ ਕਿਹਾ ਕਿ ਮੈਂ ਅਜੇ ਨਵਾਂ ਆਇਆ ਹਾਂ ਦਰਵਾਜ਼ੇ ਲਗਾਉਣ ਲਈ ਪਹਿਲ ਕਦਮੀ ਕਰਾਂਗਾ। ਜ਼ਿਕਰਯੋਗ ਹੈ ਕਿ ਇਥੋਂ ਪਹਿਲਾਂ ਬਦਲ ਕੇ ਗਏ ਬੀ. ਡੀ. ਪੀ. ਓ. ਦੇ ਕਈ ਵਾਰੀ ਸਟਾਫ ਨੇ ਧਿਆਨ ਵਿਚ ਲਿਆਂਦਾ ਪਰ ਉਨ੍ਹਾਂ ਨੇ ਵੀ ਔਰਤਾਂ ਦੀ ਇਸ ਸਮੱਸਿਆ ਨੂੰ ਅਣਸੁਣੀ ਕਰ ਦਿੱਤਾ ਤੇ ਹਰ ਸਮੇਂ ਮਿੱਠੀਆਂ ਗੋਲੀਆਂ ਦੇ ਕੇ ਹੀ ਸਾਰਦੇ ਰਹੇ।
ਬਲਾਕ ਸੜੋਆ ’ਚ ਬੀ. ਡੀ. ਪੀ. ਓ. ਦਫ਼ਤਰ ’ਚ ਮਹਿਲਾ ਬਾਥਰੂਮ ਦਰਵਾਜ਼ਿਆਂ ਤੋਂ ਵਾਂਝੇ
ਅਜੀਤ ਡੈਸਕ
27-07-2026