ਪਠਾਨਕੋਟ, 1 ਮਾਰਚ (ਸੰਧੂ)-ਦੇਸ਼ ਭਗਤ ਸਮਿਤੀ ਨੇ ਪ੍ਰਧਾਨ ਕੇਵਲ ਕਿ੍ਸ਼ਨ ਮਹਾਜਨ ਅਤੇ ਚੇਅਰਮੈਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਚੰਦਰਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਵਸ ਮਨਾਇਆ | ਮੈਂਬਰਾਂ ਨੇ ਚੰਦਰਸ਼ੇਖਰ ਆਜ਼ਾਦ ਦੀ ਤਸਵੀਰ 'ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ | ਸਮਾਗਮ ਦੌਰਾਨ ਸਾਰੇ ਮੈਂਬਰਾਂ ਨੇ ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਵਿਚ ਯੋਗਦਾਨ ਪਾਉਣ ਦਾ ਪ੍ਰਣ ਲਿਆ ਅਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਾਡੇ ਸ਼ਹੀਦਾਂ ਅਤੇ ਮਹਾਂਪੁਰਖਾਂ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਕੇਵਲ ਕਿ੍ਸ਼ਨ ਮਹਾਜਨ ਅਤੇ ਚੇਅਰਮੈਨ ਵਿਜੇ ਪਾਸੀ ਨੇ ਕਿਹਾ ਕਿ ਚੰਦਰਸ਼ੇਖਰ ਆਜ਼ਾਦ ਇਕ ਮਹਾਨ ਆਜ਼ਾਦੀ ਘੁਲਾਟੀਏ ਸਨ | ਜਿਨ੍ਹਾਂ ਨੇ ਭਾਰਤੀ ਆਜ਼ਾਦੀ ਸੰਗਰਾਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਉਨ੍ਹਾਂ ਦੀ ਕੁਰਬਾਨੀ ਦੀ ਕਹਾਣੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹੇਗੀ | ਅਨਿਆਂ ਵਿਰੁੱਧ ਡਟ ਕੇ ਖੜ੍ਹੇ ਰਹਿਣਾ ਸੱਚੀ ਬਹਾਦਰੀ ਹੈ, ਇਕ ਸਬਕ ਜੋ ਅਸੀਂ ਚੰਦਰਸ਼ੇਖਰ ਆਜ਼ਾਦ ਤੋਂ ਸਿੱਖਦੇ ਹਾਂ | ਉਨ੍ਹਾਂ ਕਿਹਾ ਕਿ ਚੰਦਰਸ਼ੇਖਰ ਨੂੰ ਉਨ੍ਹਾਂ ਦੇ ਸਾਥੀਆਂ ਨੇ 'ਆਜ਼ਾਦ' ਦਾ ਨਾਮ ਦਿੱਤਾ ਕਿਉਂਕਿ ਉਨ੍ਹਾਂ ਨੇ ਕਦੇ ਵੀ ਅੰਗਰੇਜ਼ਾਂ ਅੱਗੇ ਆਤਮ ਸਮਰਪਣ ਨਹੀਂ ਕੀਤਾ | ਚੰਦਰਸ਼ੇਖਰ ਆਜ਼ਾਦ ਨੇ ਆਜ਼ਾਦੀ ਸੰਗਰਾਮ ਵਿਚ ਹਿੱਸਾ ਲਿਆ ਅਤੇ ਕਈ ਮਹੱਤਵਪੂਰਨ ਇਨਕਲਾਬੀ ਗਤੀਵਿਧੀਆਂ ਵਿਚ ਹਿੱਸਾ ਲਿਆ | ਜਿਸ ਵਿਚ ਕਾਕੋਰੀ ਘਟਨਾ ਅਤੇ ਸਾਂਡਰਸ ਦੀ ਹੱਤਿਆ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਆਜ਼ਾਦ ਨੂੰ 27 ਫਰਵਰੀ 1931 ਨੂੰ ਇਲਾਹਾਬਾਦ ਵਿਚ ਅੰਗਰੇਜ਼ਾਂ ਨੇ ਘੇਰ ਲਿਆ ਸੀ | ਉਨ੍ਹਾਂ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਅੰਤ ਤੱਕ ਲੜਦੇ ਹੋਏ ਸ਼ਹੀਦ ਹੋ ਗਏ | ਇਸ ਮੌਕੇ ਪ੍ਰਧਾਨ ਕੇਵਲ ਕਿ੍ਸ਼ਨ ਗੁਪਤਾ, ਚੇਅਰਮੈਨ ਵਿਜੇ ਪਾਸੀ, ਜਨਰਲ ਸਕੱਤਰ ਅਵਤਾਰ ਅਬਰੋਲ, ਸੰਜੀਵ ਗੁਪਤਾ, ਅਸ਼ਵਨੀ ਵਰਮਾ, ਗੁਰਚਰਨ ਸਿੰਘ ਪਲੇਆ ਅਤੇ ਤਿ੍ਲੋਕ ਨੰਦਾ ਵੀ ਮੌਜੂਦ ਸਨ |