ਬਟਾਲਾ/ਕਾਦੀਆਂ, 11 ਮਈ (ਸਤਿੰਦਰ ਸਿੰਘ, ਕੁਲਵਿੰਦਰ ਸਿੰਘ)-ਬੀਤੀ ਰਾਤ ਬਟਾਲਾ ਤੇ ਨਾਲ ਲਗਦੇ ਕਸਬਿਆਂ ਅੰਦਰ ਤੇਜ਼ ਤੂਫ਼ਾਨ, ਝੱਖੜ-ਹਨੇਰੀ ਤੇ ਮੀਂਹ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਜਿੱਥੇ ਨੁਕਸਾਨ ਹੋਇਆ ਹੈ, ਉਥੇ ਦਿਨ ਚੜ੍ਹਦੇ ਸੜਕੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਆਮ ਜਨਜੀਵਨ 'ਤੇ ਵੀ ਮਾੜਾ ਅਸਰ ਪਿਆ | ਮਿਲੀ ਜਾਣਕਾਰੀ ਅਨੁਸਾਰ ਕਾਦੀਆਂ-ਬਟਾਲਾ ਰੋਡ 'ਤੇ ਕਈ ਥਾਵਾਂ 'ਤੇ ਜੰਗਲਾਤ ਵਿਭਾਗ ਦੇ ਦਰਖੱਤ ਵੀ ਡਿੱਗੇ ਹਨ, ਜਿਸ ਨਾਲ ਆਵਾਜਾਈ ਸਵੇਰ ਸਮੇਂ ਕੁਝ ਸਮਾਂ ਬੰਦ ਰਹੀ | ਇਸੇ ਤਰ੍ਹਾਂ ਪਿੰਡ ਬੁੱਟਰ ਕਲਾਂ ਤੋਂ ਠੀਕਰੀਵਾਲ ਰੋਡ 'ਤੇ ਸਥਿਤ ਇਕ ਪੋਲਟਰੀ ਫ਼ਾਰਮ ਦੇ ਤੇਜ਼ ਤੂਫ਼ਾਨ, ਹਨੇਰੀ-ਝੱਖੜ ਤੇ ਮੀਂਹ ਨਾਲ ਅਸਮਾਨੀ ਬਿਜਲੀ ਡਿੱਗਣ ਕਾਰਨ ਪੋਲਟਰੀ ਫ਼ਾਰਮ ਬੁਰੀ ਤਰ੍ਹਾਂ ਢਹਿ-ਢੇਰੀ ਹੋਣ ਨਾਲ ਪੋਲਟਰੀ ਫਾਰਮ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਦ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ | ਪੋਲਟਰੀ ਫਾਰਮ ਦੇ ਮਾਲਕ ਮਹਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੁਰੂ ਨਾਨਕਪੁਰਾ ਕਾਦੀਆਂ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਨਾਲ 3-4 ਮਹੀਨੇ ਪਹਿਲਾਂ ਹੀ ਉਸਾਰਿਆ ਪੋਲਟਰੀ ਫਾਰਮ ਢਹਿ-ਢੇਰੀ ਹੋ ਗਿਆ | ਪੋਲਟਰੀ ਫਾਰਮ ਦੀਆਂ ਕੰਧਾਂ ਤੇ ਸੀਮਿੰਟ ਨਾਲ ਉਸਾਰੇ ਬੀਮ, ਡਬਲ ਸਟੋਰੀ, ਪੋਲਟਰੀ ਫ਼ਾਰਮ ਦੀ ਇਮਾਰਤ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਗਈ | ਉਸ ਦਾ ਕਰੀਬ 18 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਸ ਨੇ ਦੱਸਿਆ ਕਿ ਬੈਂਕ ਤੋਂ ਕਰੀਬ 5 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੇ ਪੋਲਟਰੀ ਫਾਰਮ ਦੀ ਉਸਾਰੀ ਕੀਤੀ ਸੀ | ਇਸ ਤੋਂ ਇਲਾਵਾ ਉਸ ਦਾ ਬੇਟਾ ਬਿਕਰਮਜੀਤ ਸਿੰਘ, ਜੋ ਵਿਦੇਸ਼ ਗਿਆ ਹੋਇਆ ਹੈ, ਉਸ ਵਲੋਂ ਵੀ ਆਪਣੀ ਸਾਰੀ ਕਮਾਈ ਪੋਲਟਰੀ ਫ਼ਾਰਮ 'ਚ ਲਗਾਈ ਜਾ ਰਹੀ ਸੀ | ਮਹਿੰਦਰ ਸਿੰਘ ਨੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਲੱਖਾਂ ਰੁਪਏ ਦੇ ਨੁਕਸਾਨ ਦੇ ਹਰਜਾਨੇ ਦੀ ਪੂਰਤੀ ਕਰਨ ਲਈ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ | ਉਹ ਦੁਬਾਰਾ ਆਪਣਾ ਕੰਮ ਕਾਜ ਸ਼ੁਰੂ ਕਰ ਸਕੇ |