ਘਰੋਟਾ, 17 ਮਈ (ਸੰਜੀਵ ਗੁਪਤਾ)-ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਹਰ ਫ਼ਰੰਟ 'ਤੇ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦਾ ਹਰ ਵਰਗ ਅੱਜ ਦੁਖੀ ਹੈ ਤੇ ਲੋਕ ਬਦਲਾਅ ਚਾਹੁੰਦੇ ਹਨ | ਅਸ਼ੋਕ ਚੌਧਰੀ ਆਪਣੇ ਨਿੱਜੀ ਸਹਾਇਕ ਕੈਪਟਨ ਸ਼ੇਰ ਸਿੰਘ ਦੇ ਭਰਾ ਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਪਿੰਡ ਜੰਡੀ ਆਏ ਸਨ | ਉਨ੍ਹਾਂ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਤੇ ਵਿੱਛੜੀ ਆਤਮਾ ਲਈ ਪ੍ਰਾਰਥਨਾ ਕੀਤੀ | ਗੱਲਬਾਤ ਕਰਦਿਆਂ ਅਸ਼ੋਕ ਚੌਧਰੀ ਨੇ ਕਿਹਾ ਕਿ ਸਰਕਾਰ ਪੰਜਾਬ 'ਚ ਕਾਨੂੰਨ ਵਿਵਸਥਾ, ਵਿਕਾਸ ਕਾਰਜ, ਰੁਜ਼ਗਾਰ, ਕਿਸਾਨਾਂ ਤੇ ਕਾਰੋਬਾਰੀਆਂ ਨਾਲ ਸਬੰਧਿਤ ਮੁੱਦਿਆਂ 'ਤੇ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜਨਤਾ ਨੇ ਸਰਕਾਰ ਨੂੰ ਜੋ ਉਮੀਦਾਂ ਨਾਲ ਸੱਤਾ ਸੌਂਪੀ ਸੀ, ਉਹ ਚਕਨਾਚੂਰ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਆਮ ਲੋਕ, ਕਿਸਾਨ, ਮਜ਼ਦੂਰ, ਕਾਰੋਬਾਰੀ ਤੇ ਨੌਜਵਾਨ, ਸਾਰੇ ਹੀ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ ਤੇ ਹੁਣ ਸੂਬੇ ਵਿਚ ਬਦਲਾਅ ਦੀ ਮੰਗ ਵੱਧ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਲਗਾਤਾਰ ਜਨਤਕ ਮੁੱਦੇ ਉਠਾਏ ਹਨ ਤੇ ਭਵਿੱਖ ਵਿਚ ਲੋਕ ਕਾਂਗਰਸ ਨੂੰ ਇਕ ਹੋਰ ਮੌਕਾ ਦੇਣਗੇ | ਉਨ੍ਹਾਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਅਰੁਣਾ ਚੌਧਰੀ ਲੰਬੇ ਸਮੇਂ ਤੋਂ ਇਲਾਕੇ ਦੀ ਸੇਵਾ ਕਰ ਰਹੀ ਹੈ ਅਤੇ ਜਨਤਾ ਦਾ ਉਨ੍ਹਾਂ 'ਤੇ ਵਿਸ਼ਵਾਸ ਮਜ਼ਬੂਤ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਵਾਰ ਵੀ ਲੋਕ ਅਰੁਣਾ ਚੌਧਰੀ ਦਾ ਸਮਰਥਨ ਕਰਨਗੇ ਤੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨਗੇ | ਅਸ਼ੋਕ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਸੁੱਖ-ਦੁੱਖ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਰਹੀ ਹੈ ਤੇ ਉਨ੍ਹਾਂ ਦੀ ਆਵਾਜ਼ ਬਣ ਕੇ ਉਨ੍ਹਾਂ ਲਈ ਲੜਦੀ ਰਹੇਗੀ | ਇਸ ਮੌਕੇ ਕਾਂਗਰਸੀ ਵਰਕਰ ਤੇ ਇਲਾਕੇ ਦੇ ਪ੍ਰਮੁੱਖ ਲੋਕ ਵੀ ਮੌਜੂਦ ਸਨ |