ਬਟਾਲਾ, 19 ਮਈ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਤਰੱਕੀ ਕਰ ਕੇ ਬਣਾਏ ਗਏ ਪੀ.ਸੀ.ਐੱਸ. ਸ: ਹਰਕਰਮ ਸਿੰਘ ਰੰਧਾਵਾ ਨੂੰ ਮੁਬਾਰਕਬਾਦ ਦੇਣ ਪਹੁੰਚੇ ਲੈਕਚਰਾਰ ਕੇਵਲ ਸਿੰਘ ਕਾਜਮਪੁਰ, ਸਰਪੰਚ ਸੁਖਰਾਜ ਸਿੰਘ ਕਾਹਲੋਂ, ਅਧਿਆਪਕ ਆਗੂ ਗੁਰਿੰਦਰ ਸਿੰਘ ਸਿੱਧੂ ਅਤੇ ਤੇਜਿੰਦਰ ਸਿੰਘ ਧਰਮਕੋਟ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਨਾਇਬ ਤਹਿਸੀਲਦਾਰ ਤੋਂ ਸਫ਼ਰ ਸ਼ੁਰੂ ਕਰ ਕੇ ਇਸ ਵੱਕਾਰੀ ਅਤੇ ਸਰਕਾਰ ਦੇ ਜ਼ਿੰਮੇਵਾਰ ਅਹੁਦੇ ਤੱਕ ਪਹੁੰਚਣਾ ਇਕ ਬਹੁਤ ਵੱਡੀ ਪ੍ਰਾਪਤੀ ਹੈ | ਉਨ੍ਹਾਂ ਕਿਹਾ ਕਿ ਸ: ਰੰਧਾਵਾ ਨੇ ਆਪਣੇ ਨਾਨਾ ਮਾਲ ਮੰਤਰੀ ਕਰਮ ਸਿੰਘ ਜਗੀਰਦਾਰ ਅਤੇ ਪਿਤਾ ਸ: ਕੁਲਬੀਰ ਸਿੰਘ ਰੰਧਾਵਾ ਦੇ ਨਕਸ਼ੇ ਕਦਮ 'ਤੇ ਚਲਦਿਆਂ ਇਮਾਨਦਾਰੀ, ਨੇਕਨੀਤੀ ਅਤੇ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ | ਉਨ੍ਹਾਂ ਦੇ ਮਿਹਨਤੀ ਸੁਭਾਅ ਅਤੇ ਡਿਊਟੀ ਪ੍ਰਤੀ ਵਚਨਬੱਧਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਆਰ.ਟੀ.ਓ. ਕਪੂਰਥਲਾ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸ: ਹਰਕਰਮ ਸਿੰਘ ਰੰਧਾਵਾ ਨੇ ਸਮੂਹ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਹੁਦੇ ਅਤੇ ਮਾਣ-ਸਤਿਕਾਰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲਦੇ ਹਨ | ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਹਰੇਕ ਨਾਗਰਿਕ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ |