ਬਟਾਲਾ, 19 ਮਈ (ਸਤਿੰਦਰ ਸਿੰਘ)-ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਮਿੰਦਰਜੀਤ ਕੌਰ ਦੀ ਅਗਵਾਈ ਹੇਠ ਹੋਈ | ਮੀਟਿਗ ਦੌਰਾਨ ਹਿੰਦੂ ਕੰਨਿਆ ਮਹਾਵਿਦਿਆਲਾ ਧਾਰੀਵਾਲ ਦੀ ਪ੍ਰਬੰਧਕ ਕਮੇਟੀ ਦੇ ਰਵੱਈਏ ਦੀ ਸਖ਼ਤ ਨਿੰਦਾ ਕੀਤੀ | ਮੀਟਿੰਗ 'ਚ ਸਰਬਸੰਮਤੀ ਨਾਲ ਐਚ.ਕੇ.ਐਮ. ਕਾਲਜ ਧਾਰੀਵਾਲ ਵਿਖੇ ਸਹਾਇਕ ਪ੍ਰੋਫੈਸਰ ਡਾ. ਮਨਜੀਤ ਸਿੰਘ ਨੂੰ ਜਾਰੀ ਪੱਤਰ ਦਾ ਵਿਰੋਧ ਕੀਤਾ ਤੇ ਇਸ ਮੁਅੱਤਲੀ ਪੱਤਰ ਨੂੰ ਵਾਪਸ ਲੈਣ ਦੀ ਮੰਗ ਕੀਤੀ | ਪ੍ਰੋ: ਪਰਮਿੰਦਰਜੀਤ ਕੌਰ ਨੇ ਐਚ.ਕੇ.ਐਮ. ਕਾਲਜ ਨਾਲ ਸਬੰਧਤ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਪ੍ਰਬੰਧਕਾਂ ਵਲੋਂ ਟੀਚਿੰਗ ਸਟਾਫ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ | ਕਾਰਜਕਾਰੀ ਮੈਂਬਰ ਡਾ. ਲਲਿਤ ਕਮਾਰ ਨੇ ਕਿਹਾ ਕਿ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਹਿੱਤ ਉਨ੍ਹਾਂ ਉੱਪਰ ਬੇ-ਬੁਨਿਆਦ ਦੋਸ਼ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਾਲਜ ਦੇ ਦੋ ਅਧਿਆਪਕਾਂ ਪ੍ਰੋ. ਮਨਿੰਦਰਜੀਤ ਕੌਰ ਅੰਗਰੇਜ਼ੀ ਵਿਭਾਗ ਤੇ ਡਾ. ਸੀਮਾ ਸੈਣੀ ਆਰਥ ਸ਼ਾਸਤਰ ਵਿਭਾਗ ਨੂੰ ਸਰਪਲੱਸ ਪੇਸ਼ ਕਰ ਕੇ ਕਾਲਜ ਤੋਂ ਫਾਰਗ ਕਰਨ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਾਲਜ ਕਿਸ ਤਰ੍ਹਾਂ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਡਾ. ਮਨਜੀਤ ਸਿੰਘੇ ਸਹਾਇਕ ਪ੍ਰੋਫੈਸਰ ਤੇ ਹੋਰ ਸਟਾਫ ਮੈਂਬਰਾਂ ਵਿਰੱੁਧ ਜਾਰੀ ਕੀਤੇ ਪੱਤਰ ਇਕ ਹਫਤੇ ਦੇ ਅੰਦਰ ਵਾਪਸ ਨਾ ਲਏ ਗਏ ਤਾਂ ਪੀ.ਸੀ.ਸੀ.ਟੀ.ਯੂ. ਤਿੱਖਾ ਅੰਦੋਲਨ ਵਿੱਢਣ ਲਈ ਮਜਬੂਰ ਹੋਵੇਗਾ ਤੇ ਪ੍ਰਧਾਨ ਅਤੇ ਸਕੱਤਰ ਸਮੇਤ ਪ੍ਰਬੰਧਕਾਂ ਦੇ ਹਰੇਕ ਮੈਂਬਰ ਦੇ ਘਰਾਂ ਅਤੇ ਦੁਕਾਨਾਂ ਅੱਗੇ ਪੁਤਲੇ ਫੂਕੇ ਜਾਣਗੇ |