ਨਰੋਟ ਜੈਮਲ ਸਿੰਘ, 4 ਜੂਨ (ਸ਼ਸ਼ੀ ਕੁਮਾਰ)-ਵਿਧਾਨ ਸਭਾ ਹਲਕਾ ਭੋਆ ਦਾ ਬਲਾਕ ਨਰੋਟ ਜੈਮਲ ਸਿੰਘ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਰਾਵੀ ਦਰਿਆ ਦੇ ਹੜ੍ਹ ਦੇ ਖ਼ਤਰੇ ਤੋਂ ਬਚਾਉਣ ਲਈ ਕੋਹਲੀਆਂ ਮੋੜ ਨਜ਼ਦੀਕ ਪ੍ਰਸਤਾਵਿਤ ਧੁੱਸੀ ਬੰਨ੍ਹ ਪ੍ਰੋਜੈਕਟ ਨੂੰ ਜਲਦ ਅਮਲੀ ਜਾਮਾ ਪਹਿਨਾਉਣ ਦੇ ਉਦੇਸ਼ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਕੋਲੀਆਂ ਰਾਵੀ ਦਰਿਆ ਦੇ ਬਣਨ ਵਾਲੇ ਧੁੱਸੀ ਬੰਨ੍ਹ ਦੀ ਜਗ੍ਹਾ ਦਾ ਉੱਚ-ਪੱਧਰੀ ਜਾਂਚ ਟੀਮਾਂ ਨਾਲ ਬਰੀਕੀ ਨਾਲ ਜਾਇਜ਼ਾ ਲਿਆ ਗਿਆ | ਇਸ ਦੌਰਾਨ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੇ ਤਕਨੀਕੀ ਮਾਹਿਰਾਂ ਵਲੋਂ ਮੌਕੇ ਦੀ ਭੂਗੋਲਿਕ ਸਥਿਤੀ, ਦਰਿਆ ਦੇ ਵਹਾਅ ਤੇ ਹੋਰ ਤਕਨੀਕੀ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਕੈਬਨਿਟ ਮੰਤਰੀ ਨੇ ਟੀਮਾਂ ਨਾਲ ਮੌਕੇ 'ਤੇ ਪਹੁੰਚ ਕੇ ਦਰਿਆ ਦੇ ਵਹਾਅ ਦੀ ਦਿਸ਼ਾ ਪਾਣੀ ਦੇ ਪੱਧਰ ਤੇ ਹੜ੍ਹ ਦੌਰਾਨ ਪ੍ਰਭਾਵਿਤ ਹੋ ਸਕਣ ਵਾਲੇ ਇਲਾਕਿਆਂ ਦੀ ਸਮੀਖਿਆ ਕੀਤੀ | ਇਸ ਦੇ ਨਾਲ ਹੀ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਲੋੜੀਂਦੀਆਂ ਸੰਭਾਵਨਾਵਾਂ ਤੇ ਤਕਨੀਕੀ ਹੱਲਾਂ 'ਤੇ ਵੀ ਚਰਚਾ ਕੀਤੀ ਗਈ | ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰੋਜੈਕਟ ਨਾਲ ਜੁੜੀਆਂ ਸਾਰੀਆਂ ਤਕਨੀਕੀ ਰਿਪੋਰਟਾਂ ਅਤੇ ਕਾਨੂੰਨੀ ਕਾਰਵਾਈਆਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਇਸ ਮਹੱਤਵਪੂਰਨ ਯੋਜਨਾ ਦਾ ਲਾਭ ਜਲਦ ਮਿਲ ਸਕੇ | ਇਸ ਮੌਕੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਇਸ ਮਹੱਤਵਪੂਰਨ ਧੁੱਸੀ ਬੰਨ੍ਹ ਪ੍ਰੋਜੈਕਟ ਲਈ ਕਰੀਬ 8 ਕਰੋੜ ਰੁਪਏ ਦੀ ਰਾਸ਼ੀ ਕਈ ਮਹੀਨੇ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ | ਇਸ ਮੌਕੇ ਨਰੇਸ਼ ਸੈਣੀ ਸਕੱਤਰ ਮਾਝਾ ਜ਼ੋਨ ਪੰਜਾਬ ਬੀ.ਸੀ. ਸੈਲ, ਚੇਅਰਮੈਨ ਖੁਸ਼ਬੀਰ ਕਾਟਲ, ਬਮਿਆਲ ਸਰਪੰਚ ਮਨੀਸ਼ ਗੁਪਤਾ, ਮੰਜੀਰੀ ਸਰਪੰਚ ਲਵਲੀ ਮੰਜੀਰੀ, ਐਡਵੋਕੇਟ ਰਮੇਸ਼ ਚੰਦਰ, ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ, ਅਸ਼ਵਨੀ ਕੁਮਾਰ ਲਾਡੀ ਸਰਪੰਚ ਬਹਾਦੁਰਪੁਰ ਆਦਿ ਹਾਜ਼ਰ ਸਨ |