ਤਾਰਾਗੜ੍ਹ, 4 ਜੂਨ (ਸੋਹਨ ਲਾਲ)-ਪੰਜਾਬ 'ਚ ਗੈਰ ਕਾਨੰੂਨੀ ਮਾਈਨਿੰਗ ਦਾ ਮੁੱਦਾ ਹਮੇਸ਼ਾ ਹੀ ਸੁਰਖੀਆਂ 'ਚ ਰਿਹਾ ਹੈ | 2022 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਨੇ ਗੈਰ ਕਾਨੰੂਨੀ ਮਾਈਨਿੰਗ ਨੰੂ ਮੁੱਦਾ ਬਣਾ ਕੇ ਲੜੀਆਂ ਸਨ ਤੇ ਲੋਕਾਂ ਨੰੂ ਰੇਤ, ਬੱਜਰੀ ਸਸਤੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ | ਪਰ ਸਰਕਾਰ ਨੰੂ ਸੱਤਾ 'ਚ ਆਏ 4 ਸਾਲ ਦਾ ਸਮਾਂ ਹੋ ਗਿਆ, ਪਰ ਸਰਕਾਰ ਨਾਜਾਇਜ਼ ਢੰਗ ਨਾਲ ਹੋ ਰਹੀ ਮਾਈਨਿੰਗ ਨੰੂ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਰਾਕੇਸ਼ ਕੁਮਾਰ ਮਾਜਰਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤੇ | ਉਨ੍ਹਾਂ ਕਿਹਾ ਕਿ ਭੋਆ ਹਲਕੇ 'ਚ ਪਿਛਲੇ 4 ਸਾਲਾਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਤੇ ਲੁੱਟਾਂ ਖੋਹਾਂ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ 'ਤੇ ਸਵਾਲ ਖੜੇ੍ਹ ਕਰਦਿਆਂ ਕਿਹਾ ਕਿ ਚੋਣਵੇਂ ਕ੍ਰੈਸ਼ਰ ਪ੍ਰਸ਼ਾਸਨ ਅਤੇ ਸਰਕਾਰ ਦੀ ਨੱਕ ਹੇਠ ਚੱਲ ਰਹੇ ਹਨ | ਜਦ ਕਿ ਪੂਰੀ ਇੰਡਸਟਰੀ ਬੰਦ ਪਈ ਹੈ, ਕਿਉਂਕਿ ਸਰਕਾਰ ਵਲੋਂ ਅਜੇ ਤੱਕ ਕੋਈ ਮਾਈਨਿੰਗ ਪਾਲਸੀ ਨਹੀਂ ਬਣਾਈ ਗਈ | ਉਨ੍ਹਾਂ ਕਿਹਾ ਕਿ ਮਾਈਨਿੰਗ ਦੀ ਚੋਰੀ ਲਈ ਗੈਰ ਕਾਨੰੂਨੀ ਰਸਤੇ ਵੀ ਤਿਆਰ ਕੀਤੇ ਗਏ ਹਨ | ਜਿਨ੍ਹਾਂ ਰਾਹੀਂ ਨਾਜਾਇਜ਼ ਰੇਤਾ, ਬੱਜਰੀ ਨੰੂ ਲੈ ਕੇ ਜਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਵਾਹਨ ਨਿਕਲਦੇ ਹਨ, ਟੈਕਸ ਦਿੱਤਾ ਜਾਂਦਾ ਹੈ, ਉੱਥੇ ਨੰਬਰ ਪਲੇਟ ਵੀ ਹੋਣੀ ਜ਼ਰੂਰੀ ਹੈ, ਕਿਉਂਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਨਾਲ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੈ | ਇਸ ਲਈ ਸਮੇਂ-ਸਮੇਂ 'ਤੇ ਨਾਜਾਇਜ਼ ਮਾਈਨਿੰਗ ਨੰੂ ਲੈ ਕੇ ਆਵਾਜ਼ ਉਠਾਈ ਜਾਂਦੀ ਹੈ | ਪਰ ਪ੍ਰਸ਼ਾਸਨ ਤੇ ਸਰਕਾਰ ਵਲੋਂ ਇਸ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਣਗੇ | ਇਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ | ਉਨ੍ਹਾਂ ਕਿਹਾ ਕਿ ਸਾਰੇ ਕਰੈਸ਼ਰਾਂ ਨੰੂ ਕਾਨੰੂਨ ਦੇ ਦਾਇਰੇ 'ਚ ਲੈ ਕੇ ਚੱਲਣਾ ਚਾਹੀਦਾ ਹੈ ਤਾਂ ਜੋ ਮਹਿੰਗੇ ਭਾਅ 'ਤੇ ਮਿਲ ਰਹੇ ਰੇਤ, ਬੱਜਰੀ ਤੋਂ ਲੋਕਾਂ ਨੰੂ ਰਾਹਤ ਮਿਲ ਸਕੇ |