ਬਟਾਲਾ, 16 ਜੂਨ (ਸਤਿੰਦਰ ਸਿੰਘ)-ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਨਗਰ ਨਿਗਮ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਗਿਆ ਹੈ। ਅੱਜ ਉਨ੍ਹਾਂ ਵਲੋਂ ਵਾਰਡ ਨੰਬਰ 3 ਦੇ ਨਵ ਨਿਯੁਕਤ ਕੌਂਸਲਰ ਆਜਾਦਵਿੰਦਰ ਸਿੰਘ ਕਾਕੇ ਸ਼ਾਹ ਨੂੰ ਵਾਰਡ ਦੇ ਚਹੁਪੱਖੀ ਵਿਕਾਸ ਲਈ 1 ਕਰੋੜ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ, ਵਜੀਰ ਸਿੰਘ, ਕੌਂਸਲਰ ਮਨਜੀਤ ਸਿੰਘ ਬੁਮਰਾਹ, ਕੌਂਸਲਰ ਦਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨ੍ਹਾਂ ਵਲੋਂ ਨਗਰ ਨਿਗਮ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਸੀ, ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ। ਇਸ ਨਾਲ ਵਾਰਡ ਦੇ ਚਹੁਪੱਖੀ ਵਿਕਾਸ ਲਈ ਵਾਰਡ ਵਾਸੀ ਜਿੱਥੇ ਵੀ ਇਸ ਗ੍ਰਾਂਟ ਦੀ ਵਰਤੋਂ ਕਰਨਾ ਚਾਹੁਣ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬਟਾਲਾ ਵਾਸੀਆਂ ਨੇ ਪਿਛਲੇ ਚਾਰ ਸਾਲਾਂ ਵਿਚ ਬਟਾਲਾ ਵਿਚ ਕੀਤੇ ਵਿਕਾਸ ਕਾਰਜਾਂ ਨੂੰ ਸਵੀਕਾਰ ਕਰਦਿਆਂ ਆਪ ਪਾਰਟੀ ਦੇ ਉੁਮੀਦਵਾਰਾਂ ਨੂੰ ਸੇਵਾ ਦਾ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਦੁਹਰਾਇਆ ਕਿ ਨਗਰ ਨਿਗਮ ਬਟਾਲਾ ਦੀ ਨਵੀਂ ਚੁਣੀ ਗਈ ਟੀਮ ਨਾਲ ਬਟਾਲਾ ਸ਼ਹਿਰ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾਵੇਗੀ ਅਤੇ ਇਕੱਲੀ-ਇਕੱਲੀ ਵਾਰਡ ਵਿਚ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਪਾਰਦਰਸ਼ੀ ਢੰਗ ਨਾਲ ਵਿਕਾਸ ਕੰਮ ਕਰਵਾਏ ਜਾਣਗੇ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨ੍ਹਾਂ ਵਲੋਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਆਪਣੀ ਆਪਣੀ ਵਾਰਡ ਵਿਚ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਵਲੋਂ ਜੋ ਵਿਸ਼ਵਾਸ ਆਪ ਪਾਰਟੀ ਵਿਚ ਪ੍ਰਗਟਾਇਆ ਗਿਆ ਹੈ, ਉਸ ਨੂੰ ਪੂਰਾ ਕਰਨ ਵਿਚ ਕੋਈ ਕਸਰ ਬਾਕੀ ਨਾ ਰਹੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦਾ ਵਿਕਾਸ ਅਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖਤਾ ਹੈ ਅਤੇ ਉਹ 24 ਘੰਟੇ ਬਟਾਲਾ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹਨ। ਇਸ ਮੌਕੇ ਨਵ ਨਿਯੁਕਤ ਕੌਂਸਲਰ ਕਾਕੇ ਸ਼ਾਹ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿ ਵਾਰਡ ਨੰਬਰ 3 ਵਿਚ ਸਰਬਪੱਖੀ ਵਿਕਾਸ ਕੰਮ ਕਰਵਾਏ ਜਾਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਈਆਂ ਜਾਣਗੀਆਂ।