12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਆਦੀਆਂ ਚੈੱਕ ਪੋਸਟ ’ਤੇ ਪੁਲਿਸ ਮੁਲਾਜ਼ਮਾਂ ਦੇ ਕਤਲ ਕਾਂਡ ਮਾਮਲੇ ’ਚ ਫੰਡਿੰਗ ਦੇ ਮੁੱਖ ਦੋਸ਼ਾਂ ’ਚ ਨਾਮਜ਼ਦ ਕੀਤਾ ਸੁਖਜਿੰਦਰ ਸਿੰਘ ਪੁਲਿਸ ਨੇ ਮੁਕੱਦਮੇ ’ਚੋਂ ਕੀਤਾ ਬਾਹਰ

ਅਜੀਤ ਡੈਸਕ 03-07-2026
ਗੁਰਦਾਸਪੁਰ, 2 ਜੁਲਾਈ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਆਦੀਆਂ ਵਿਖੇ ਬੀਤੀ 21-22 ਫਰਵਰੀ ਦੀ ਦਰਮਿਆਨੀ ਰਾਤ ਨੂੰ ਸੈਕਿੰਡ ਡਿਫੈਂਸ ਲਾਈਨ ਆਦੀਆਂ ਚੈੱਕ ਪੋਸਟ ’ਤੇ 2 ਪੁਲਿਸ ਕਰਮੀਆਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ’ਚ ਪਿੰਡ ਆਦੀਆਂ ਦੇ ਹੀ ਰਹਿਣ ਵਾਲੇ ਰਣਜੀਤ ਸਿੰਘ ਨਾਮਕ ਇਕ ਨੌਜਵਾਨ ਦੀ ਪੁਲਿਸ ਅਨੁਸਾਰ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ ਤੇ ਦੋ ਹੋਰ ਨੌਜਵਾਨ ਜਿਨ੍ਹਾਂ ਵਿਚ ਇੰਦਰਜੀਤ ਸਿੰਘ ਤੇ ਦਿਲਾਵਰ ਸਿੰਘ ਨੂੰ ਪੁਲਿਸ ਵਲੋਂ ਕਤਲ ਕਾਂਡ ਮਾਮਲੇ ਵਿਚ ਮੁੱਖ ਦੋਸ਼ੀ ਬਣਾਇਆ ਗਿਆ ਸੀ। ਇਨ੍ਹਾਂ ਤੋਂ ਇਲਾਵਾ ਕਈ ਹੋਰ ਲੋਕਾਂ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕਰਨ ਦੇ ਨਾਲ-ਨਾਲ ਸੁਖਜਿੰਦਰ ਸਿੰਘ ਉਰਫ਼ ਹੀਰਾ ਵਾਸੀ ਤਤਲੇ ਥਾਣਾ ਸੇਖਵਾਂ ਨੂੰ ਇਸ ਮਾਮਲੇ ਵਿਚ ਫੰਡਿੰਗ ਕਰਨ ਲਈ ਮੁੱਖ ਦੋਸ਼ੀ ਬਣਾਇਆ ਗਿਆ ਸੀ। ਪਰ ਹੁਣ ਪੁਲਿਸ ਵਲੋਂ ਮਾਣਯੋਗ ਅਦਾਲਤ ਨੂੰ ਦਿੱਤੀ ਦਰਖਾਸਤ ’ਚ ਸੁਖਜਿੰਦਰ ਸਿੰਘ ਉਰਫ਼ ਹੀਰਾ ਨੂੰ ਇਸ ਮਾਮਲੇ ਵਿਚੋਂ ਦੋਸ਼ ਮੁਕਤ ਕਰ ਦਿੱਤਾ ਗਿਆ ਹੈ। ਜਦੋਂ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸੁਖਜਿੰਦਰ ਸਿੰਘ ਉਰਫ਼ ਹੀਰਾ ਵਲੋਂ ਇਹ ਮੰਨਿਆ ਗਿਆ ਸੀ ਕਿ ਉਹ ਕਾਦੀਆਂ ਵਿਖੇ ਇਮੀਗਰੇਸ਼ਨ ਸੈਂਟਰ ਦਾ ਕੰਮ ਕਰਦਾ ਹੈ ਤੇ ਇਹ ਕੰਮ ਕਰਦਿਆਂ ਹੀ ਉਸ ਦਾ ਸੰਪਰਕ ਮੋਬਾਈਲ ਫੋਨ ਰਾਹੀਂ ਏ.ਡੀ ਨਾਂਅ ਦੇ ਏਜੰਟ ਨਾਲ ਹੋਇਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਏ.ਡੀ ਦੇ ਕਹਿਣ ’ਤੇ ਉਸ ਵਲੋਂ ਪਹਿਲਾਂ ਰਣਜੀਤ ਸਿੰਘ ਤੇ ਦਿਲਾਵਰ ਸਿੰਘ ਨੂੰ 3 ਲੱਖ ਰੁਪਏ, ਫਿਰ ਇੰਦਰਜੀਤ ਸਿੰਘ ਤੇ ਸਰਵਨ ਸਿੰਘ ਨੂੰ 2 ਲੱਖ ਰੁਪਏ, ਫਿਰ ਰਣਜੀਤ ਸਿੰਘ ਨੂੰ ਦੁਬਾਰਾ 2 ਲੱਖ ਰੁਪਏ ਅਤੇ 24 ਫਰਵਰੀ 2026 ਨੂੰ ਇੰਦਰਜੀਤ ਸਿੰਘ ਤੇ ਸਰਵਨ ਸਿੰਘ ਨੂੰ ਇਕ ਲੱਖ ਰੁਪਏ ਦਿੱਤੇ ਗਏ ਸਨ। ਇਸ ਤਰ੍ਹਾਂ ਕੁੱਲ 8 ਲੱਖ ਰੁਪਏ ਦਿੱਤੇ ਗਏ ਸਨ। ਇਸ ਮਾਮਲੇ ਵਿਚ ਪੁਲਿਸ ਰਿਮਾਂਡ ਦੌਰਾਨ ਬਿਆਨ ਦਿੰਦੇ ਹੋਏ ਇੰਦਰਜੀਤ ਸਿੰਘ ਨੇ ਮੰਨਿਆ ਸੀ ਕਿ ਸੁਖਜਿੰਦਰ ਸਿੰਘ ਉਰਫ਼ ਹੀਰਾ ਵਲੋਂ ਪਾਕਿਸਤਾਨੀ ਸਮਗਲਰ ਸ਼ਾਹ ਉਰਫ਼ ਚਾਚਾ ਦੇ ਕਹਿਣ ’ਤੇ ਉਨ੍ਹਾਂ ਨੂੰ ਰੇਲਵੇ ਰੋਡ ਬਟਾਲਾ ਵਿਖੇ ਇਕ ਲੱਖ ਰੁਪਏ ਦਿੱਤੇ ਗਏ ਸਨ। ਜਿਸ ਦੇ ਆਧਾਰ ’ਤੇ ਪੁਲਿਸ ਵਲੋਂ ਇਸ ਮਾਮਲੇ ਵਿਚ ਫੰਡਿੰਗ ਕਰਨ ਲਈ ਸੁਖਜਿੰਦਰ ਸਿੰਘ ਉਰਫ਼ ਹੀਰਾ ਨੂੰ ਨਾਮਜ਼ਦ ਕੀਤਾ ਗਿਆ ਸੀ। ਪਰ ਹੁਣ ਪੁਲਿਸ ਵਲੋਂ ਆਪਣੀ ਤਫਤੀਸ਼ ਦਾ ਹਵਾਲਾ ਦਿੰਦਾ ਹੋਏ ਮਾਣਯੋਗ ਅਦਾਲਤ ਪਾਸੋਂ ਸੁਖਜਿੰਦਰ ਸਿੰਘ ਉਰਫ਼ ਹੀਰਾ ਨੂੰ ਬੇਗੁਨਾਹ ਦੱਸਦੇ ਹੋਏ ਮਾਮਲੇ ਵਿਚੋਂ ਬਾਹਰ ਕਰ ਦਿੱਤਾ ਹੈ।


ਪੀ.ਐਚ.ਆਰ.ਓ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਮਾਮਲੇ ਸਬੰਧੀ ਫਿਰ ਜਤਾਈ ਸ਼ੰਕਾ
ਇਸ ਸਬੰਧੀ ‘ਅਜੀਤ’ ਨਾਲ ਗੱਲ ਕਰਦੇ ਹੋਏ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਮੈਂਬਰ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਵਲੋਂ ਇਕ ਵਾਰ ਫਿਰ ਤੋਂ ਇਸ ਮਾਮਲੇ ਸਬੰਧੀ ਪੁਲਿਸ ਦੀ ਕਾਰਗੁਜ਼ਾਰੀ ’ਤੇ ਸ਼ੰਕਾ ਜਿਤਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ ਪਹਿਲਾਂ ਸੁਖਜਿੰਦਰ ਸਿੰਘ ਨੂੰ ਫੰਡਿੰਗ ਲਈ ਮੁੱਖ ਦੋਸ਼ੀ ਬਣਾਇਆ ਗਿਆ ਸੀ ਤੇ ਆਪਣੀ ਕੀਤੀ ਪ੍ਰੈੱਸ ਵਾਰਤਾ ਵਿਚ ਦੱਸਿਆ ਗਿਆ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਪਾਕਿਸਤਾਨ ਤੋਂ ਫੰਡਿੰਗ ਹੋਈ ਹੈ। ਪਰ ਹੁਣ ਪੁਲਿਸ ਵਲੋਂ ਆਪਣੀ ਤਫਤੀਸ਼ ਵਿਚ ਫੰਡਿੰਗ ਦੇ ਮੁੱਖ ਦੋਸ਼ੀ ਸੁਖਜਿੰਦਰ ਸਿੰਘ ਉਰਫ਼ ਹੀਰਾ ਨੂੰ ਮਾਮਲੇ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਜਿਸ ਤੋਂ ਇਹ ਲੱਗਦਾ ਹੈ ਕਿ ਰਣਜੀਤ ਸਿੰਘ ਦੇ ਐਂਨਕਾਉਂਟਰ ਵਾਲੀ ਕਹਾਣੀ ਵੀ ਕੁਝ ਹੋਰ ਹੈ, ਜਿਸ ਦੀ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਅਜੇ ਨਿਆਇਕ ਜਾਂਚ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੁਲਿਸ ਵਲੋਂ ਹੁਣ ਤੱਕ ਕਈ ਵਾਰ ਤੱਥਾਂ ਦਾ ਹਵਾਲਾ ਦੇ ਕੇ ਕਈ ਤਰ੍ਹਾਂ ਦੇ ਫੇਰਬਦਲ ਕੀਤੇ ਗਏ ਹਨ ਅਤੇ ਸਬੂਤਾਂ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ ਤਾਂ ਜੋ ਇਸ ਕਤਲ ਕਾਂਡ ਦੀ ਸਾਜ਼ਿਸ਼ ਦੀ ਪੂਰੀ ਸਚਾਈ ਲੋਕਾਂ ਦੇ ਸਾਹਮਣੇ ਨਾ ਆ ਸਕੇ।
ਪਿਛਲੀ ਖ਼ਬਰ ਅਮਨਬੀਰ ਸਿੰਘ ਗੋਰਾਇਆ ਅਧਿਆਪਕ ਦਲ ਦੇ ਬਣੇ ਸੂਬਾ ਮੀਤ ਪ੍ਰਧਾਨ ਅਗਲੀ ਖ਼ਬਰ ਨਿਊਜ਼ੀਲੈਂਡ ਦੇ ਸਤੰਬਰ ਇਨਟੇਕ ਅਪਲਾਈ ਕਰਨ ਦਾ ਆਖਰੀ ਮੌਕਾ- ਗੈਵੀ ਕਲੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।