ਗੁਰਦਾਸਪੁਰ, 27 ਜੁਲਾਈ (ਪੰਕਜ ਸ਼ਰਮਾ)-ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਸਬੰਧਿਤ ਬੀ.ਐੱਡ ਚੌਥੇ ਸਮੈਸਟਰ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਚੇਅਰਮੈਨ ਡਾ: ਸਤਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਵਾਲਿਕ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ, ਉੱਚ ਪੱਧਰੀ ਅਧਿਆਪਨ ਅਤੇ ਅਨੁਸ਼ਾਸਿਤ ਵਾਤਾਵਰਣ ਪ੍ਰਦਾਨ ਕਰਨ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਸਕਾਨ ਸੈਣੀ ਨੇ 8.38 ਸੀ.ਜੀ.ਪੀ.ਏ ਪ੍ਰਾਪਤ ਕਰਕੇ ਕਾਲਜ ਵਿਚ ਪਹਿਲਾ, ਮਾਨਸੀ ਸ਼ਰਮਾ ਨੇ 8.20 ਸੀ.ਜੀ.ਪੀ.ਏ ਨਾਲ ਦੂਜਾ ਤੇ ਰਮਨਪ੍ਰੀਤ ਕੌਰ ਨੇ 8.18 ਸੀ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਮੁਸਕਾਨ ਸੈਣੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ 14ਵਾਂ ਅਤੇ ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਮੁਸਕਾਨ ਦੀ ਮਿਹਨਤ, ਅਧਿਆਪਕਾਂ ਦੀ ਮਾਰਗਦਰਸ਼ਨ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਕਾਲਜ ਦੇ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਪਹਿਲੀ ਸ਼੍ਰੇਣੀ ਵਿਚ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਿਵਾਲਿਕ ਕਾਲਜ ਦਾ ਮੁੱਖ ਉਦੇਸ਼ ਕੇਵਲ ਡਿਗਰੀ ਪ੍ਰਦਾਨ ਕਰਨਾ ਨਹੀਂ, ਸਗੋਂ ਅਜਿਹੇ ਯੋਗ, ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਅਧਿਆਪਕ ਤਿਆਰ ਕਰਨਾ ਹੈ ਜੋ ਭਵਿੱਖ ਵਿਚ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਣ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਸ਼ਿਵਾਲਿਕ ਕਾਲਜ ਦੇ ਵਿਦਿਆਰਥੀ ਯੂਨੀਵਰਸਿਟੀ ਪੱਧਰ ’ਤੇ ਕਾਲਜ ਦਾ ਨਾਮ ਹੋਰ ਉੱਚਾ ਕਰਨਗੇ।