02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ‘ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਵਿਰੋਧੀ ਦਿਵਸ ਵਜੋਂ ਮਨਾਇਆ

ਅਜੀਤ ਡੈਸਕ 01-08-2026
ਗੁਰਦਾਸਪੁਰ, 31 ਜੁਲਾਈ (ਗੁਰਪ੍ਰਤਾਪ ਸਿੰਘ)-ਦੇਸ਼ ਭਗਤ ਯਾਦਗਾਰ ਭਵਨ ਕਮੇਟੀ ਵਲੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦਾ 86ਵਾਂ ਸ਼ਹੀਦੀ ਦਿਹਾੜਾ ‘ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ‘ਚ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਨੇ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਵੱਸਣ ਸਿੰਘ ਸੰਧੂ, ਜਮਹੂਰੀ ਅਧਿਕਾਰ ਸਭਾ ਪੰਜਾਬ (ਗੁਰਦਾਸਪੁਰ) ਦੇ ਪ੍ਰਧਾਨ ਡਾ: ਜਗਜੀਵਨ ਲਾਲ, ਅਜੀਤ ਸਿੰਘ ਹੁੰਦਲ, ਅਸ਼ਵਨੀ ਕੁਮਾਰ ਲੱਖਣ ਕਲਾਂ, ਬਲਵੀਰ ਸਿੰਘ ਕੱਤੋਵਾਲ, ਰੂਪ ਸਿੰਘ ਪੱਡਾ ਅਤੇ ਕਮੇਟੀ ਮੈਂਬਰ ਅਮਰਜੀਤ ਸ਼ਾਸਤਰੀ ਨੇ ਸੰਯੁਕਤ ਰੂਪ ਵਿਚ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਕਮੇਟੀ ਦੇ ਸਕੱਤਰ ਕੁਲਦੀਪ ਸਿੰਘ ਰਿਆੜ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ‘ਤੇ ਜ਼ੋਰ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਮੱਖਣ ਕੁਹਾੜ, ਅਮਰ ਕ੍ਰਾਂਤੀ, ਸ਼ਮਸ਼ੇਰ ਸਿੰਘ, ਬਲਵਿੰਦਰ ਕੌਰ ਰਾਵਲਪਿੰਡੀ ਤੇ ਗੁਰਵਿੰਦਰ ਸਿੰਘ ਜੀਵਨਚੱਕ ਨੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਸੰਵਿਧਾਨਕ ਸੰਸਥਾਵਾਂ, ਸਿੱਖਿਆ ਪ੍ਰਣਾਲੀ, ਪਬਲਿਕ ਸੈਕਟਰ ਤੇ ਨਿਆਂ ਪ੍ਰਣਾਲੀ ‘ਤੇ ਹਮਲੇ ਕੀਤੇ ਜਾ ਰਹੇ ਹਨ। ਸਮਾਜ ਵਿਚ ਮੰਨੂ ਸਮ੍ਰਿਤੀ ਆਧਾਰਿਤ ਨੀਤੀਆਂ ਲਾਗੂ ਕਰਕੇ ਘੱਟ-ਗਿਣਤੀਆਂ ਜਿਵੇਂ ਮੁਸਲਿਮ ਅਤੇ ਕਮਿਊਨਿਸਟ ਵਿਚਾਰਧਾਰਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮੇਟੀ ਦੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਵਲੋਂ ਪੇਸ਼ ਕੀਤੇ ਮਤਿਆਂ ਨੂੰ ਇਕੱਠ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਨ੍ਹਾਂ ਵਿਚ ਅਮਰੀਕਾ-ਈਰਾਨ ਜੰਗਬੰਦੀ ਦੀ ਅਪੀਲ, ਅਮਰੀਕਾ-ਭਾਰਤ ਵਪਾਰ ਸਮਝੌਤਾ ਰੱਦ ਕਰਨ ਦੀ ਮੰਗ, ਬਿਜਲੀ ਬਿਲ 2025, ਨਵੀਂ ਸਿੱਖਿਆ ਨੀਤੀ ਅਤੇ ਕਿਰਤ ਕਾਨੂੰਨਾਂ ਵਿਚ ਸੋਧਾਂ ਵਾਪਸ ਲੈਣ ਦੀ ਮੰਗ, ਮਨਰੇਗਾ ਅਧੀਨ ਮਜ਼ਦੂਰਾਂ ਨੂੰ ਪੂਰਾ ਰੁਜ਼ਗਾਰ ਦੇਣ ਅਤੇ ਪੁਲਿਸੀਆ ਧੱਕੇਸ਼ਾਹੀ ਬੰਦ ਕਰਨ ਦੀ ਨਿਖੇਧੀ ਆਦਿ ਮੁੱਖ ਸਨ। ਸਮਾਗਮ ਦੀ ਸ਼ੁਰੂਆਤ ਵਿਚ ਇਕ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਸੁਭਾਸ਼ ਦੀਵਾਨਾ, ਹੀਰਾ ਸਿੰਘ ਅਗਨੀਹੋਤਰੀ ਬਟਾਲਾ, ਮੰਗਤ ਚੰਚਲ ਦੀਨਾਨਗਰ, ਸੀਤਲ ਗੁਨੋਪੁਰੀ, ਕੁਲਜੀਤ ਸਿੰਘ ਰੰਧਾਵਾ, ਰਘਬੀਰ ਸਿੰਘ ਚਾਹਲ ਅਤੇ ਕੁਲਦੀਪ ਸਿੰਘ ਘਾਂਗਲਾ ਨੇ ਆਪਣੀਆਂ ਇਨਕਲਾਬੀ ਕਵਿਤਾਵਾਂ ਰਾਹੀਂ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ‘ਤੇ ਵਿਅੰਗ ਕੱਸੇ। ਇਸ ਮੌਕੇ ਐਡਵੋਕੇਟ ਰਮਨਦੀਪ ਕੌਰ ਕੱਤੋਵਾਲ, ਕਾਮਰੇਡ ਸ਼ਿਵ ਕੁਮਾਰ, ਅਸ਼ੋਕ ਭਾਰਤੀ, ਸੰਜੀਵ ਮਿੰਟੂ, ਜੋਗਿੰਦਰ ਪਾਲ ਪਨਿਆੜ, ਧਿਆਨ ਸਿੰਘ ਠਾਕੁਰ, ਸੁਖਦੇਵ ਰਾਜ ਬਹਿਰਾਮਪੁਰ, ਰਣਜੀਤ ਸਿੰਘ ਧਾਲੀਵਾਲ, ਇੰਦਰਜੀਤ ਬੈਂਸ, ਮੱਖਣ ਸਿੰਘ ਤਿੱਬੜ, ਬਲਵੀਰ ਸਿੰਘ ਅਤੇ ਹੈੱਡਮਾਸਟਰ ਅਵਿਨਾਸ਼ ਸਿੰਘ ਸਮੇਤ ਹੋਰ ਕਈ ਆਗੂ ਹਾਜ਼ਰ ਰਹੇ ।
ਪਿਛਲੀ ਖ਼ਬਰ ਸੋਨੇ ਦੇ ਗਹਿਣੇ ਚੋਰੀ ਕਰਨ ਵਾਲਾ ਗ੍ਰਿਫ਼ਤਾਰ ਅਗਲੀ ਖ਼ਬਰ ਸ਼ਿਵਾਲਿਕ ਗਰੁੱਪ ਵਿਖੇ ਸੈਸ਼ਨ 2026-27 ਲਈ ਦਾਖਲਾ ਪ੍ਰਕਿਰਿਆ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।