ਬੱਲੂਆਣਾ, 30 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਸਕੂਲ ਆਫ਼ ਐਮੀਨੈਂਸ ਰਾਮਸਰਾ ਵਿਖੇ ਪਿਛਲੇ ਪੰਜ ਸਾਲਾਂ ਤੋਂ ਪੰਜਾਬੀ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਭਿੰਦਰ ਸਿੰਘ ਸਿੱਧੂ 30 ਸਾਲ ਦੀ ਸਰਕਾਰੀ ਨੌਕਰੀ ਪੂਰੀ ਕਰਨ ਉਪਰੰਤ ਸੇਵਾ ਮੁਕਤ ਹੋ ਗਏ | ਇਸ ਮੌਕੇ ਸਕੂਲ ਪਹੁੰਚਣ 'ਤੇ ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲਜੀਤ ਕੌਰ ਸਿੱਧੂ ਦਾ ਨਿੱਘਾ ਸਵਾਗਤ ਕੀਤਾ ਗਿਆ | ਸੇਵਾ ਮੁਕਤੀ ਦੇ ਸਮਾਗਮ ਦੌਰਾਨ ਪਿ੍ੰਸੀਪਲ ਨਵਜੋਤ ਕੌਰ ਖਹਿਰਾ ਅਤੇ ਸਟਾਫ਼ ਵਲੋਂ ਕੇਕ ਕਟਵਾ ਕੇ ਉਨ੍ਹਾਂ ਦੇ ਖ਼ੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਗਈ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ.ਸਿੱਧੂ ਨੇ ਪੜ੍ਹਾਈ ਨੂੰ ਤਰਜੀਹ ਦੇਣ ਅਤੇ ਹੋਰ ਗਤੀਵਿਧੀਆਂ ਰਾਹੀਂ ਆਪਣਾ ਜੀਵਨ ਸੰਵਾਰਨ ਲਈ ਪ੍ਰੇਰਿਤ ਕੀਤਾ | ਬਾਅਦ ਦੁਪਹਿਰ ਅਬੋਹਰ ਵਿਖੇ ਰੱਖੀ ਵਿਦਾਇਗੀ ਪਾਰਟੀ ਵਿਚ ਪੰਜਾਬੀ ਅਧਿਆਪਕਾ ਰਾਜਵੀਰ ਕੌਰ ਨੇ ਉਨ੍ਹਾਂ ਦੀ ਜੀਵਨੀ ਪੜ੍ਹਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਯਾਤਰਾ ਜਨਵਰੀ 1997 ਵਿਚ ਸਰਕਾਰੀ ਮਿਡਲ ਸਕੂਲ ਧਰਾਂਗ ਵਾਲਾ ਤੋਂ ਸ਼ੁਰੂ ਕੀਤੀ ਸੀ | ਸਾਲ 2016 ਵਿਚ ਬਤੌਰ ਲੈਕਚਰਾਰ ਤਰੱਕੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਧਰਮਪੁਰਾ ਅਤੇ 2021 ਤੋਂ ਰਾਮਸਰਾ ਸਕੂਲ ਵਿਚ ਸ਼ਾਨਦਾਰ ਸੇਵਾਵਾਂ ਦਿੱਤੀਆਂ | ਪਿ੍ੰਸੀਪਲ ਨਵਜੋਤ ਕੌਰ ਨੇ ਦੱਸਿਆ ਕਿ ਸ.ਸਿੱਧੂ ਨੇ ਸਕੂਲ ਦੀ ਡਿਵੈਲਪਮੈਂਟ ਕਮੇਟੀ ਦੇ ਮੈਂਬਰ ਵਜੋਂ ਨਵੇਂ ਕਮਰੇ ਅਤੇ ਵਿਗਿਆਨ ਪ੍ਰਯੋਗਸ਼ਾਲਾ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ | ਅੰਤ ਵਿਚ ਭਿੰਦਰ ਸਿੰਘ ਸਿੱਧੂ ਨੇ ਦਰਿਆ-ਦਿਲੀ ਦਿਖਾਉਂਦਿਆਂ ਸਕੂਲ ਦੇ ਕਿਚਨ ਸ਼ੈੱਡ ਦੇ ਨਿਰਮਾਣ ਲਈ 50 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਾਨ ਵਜੋਂ ਭੇਟ ਕੀਤੀ |