ਅਬੋਹਰ, 11 ਮਈ (ਵਿਵੇਕ ਹੂੜੀਆ)-ਅਬੋਹਰ ਦੇ ਪੰਜਕੋਸੀ ਅਤੇ ਕਿੱਲਿ੍ਹਆਂਵਾਲੀ ਰੋਡ ਤੋਂ ਗੁਜ਼ਰਦੀ ਨਹਿਰ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ | ਲਾਸ਼ ਅੱਧਨੰਗੀ ਹਾਲਤ ਵਿਚ ਨਹਿਰ 'ਚ ਵਹਿ ਰਹੀ ਸੀ, ਜਿਸ ਦੀ ਸੂਚਨਾ ਮਿਲਦਿਆਂ ਹੀ 'ਨਰ ਸੇਵਾ ਨਰਾਇਣ ਸੇਵਾ ਸਮਿਤੀ' ਦੇ ਮੈਂਬਰ ਅਤੇ ਥਾਣਾ ਖੂਈਆਂ ਸਰਵਰ ਦੀ ਪੁਲਿਸ ਮੌਕੇ 'ਤੇ ਪਹੁੰਚੀ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਰਾਹਗੀਰਾਂ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਪ੍ਰਧਾਨ ਨੂੰ ਸੂਚਨਾ ਦਿੱਤੀ ਸੀ ਕਿ ਨਹਿਰ ਵਿਚ ਇਕ ਲਾਸ਼ ਵਹਿ ਰਹੀ ਹੈ | ਸੂਚਨਾ ਮਿਲਦੇ ਹੀ ਸਮਿਤੀ ਦੇ ਮੈਂਬਰ ਸੋਨੂੰ ਗਰੋਵਰ ਆਪਣੀ ਟੀਮ ਅਤੇ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ | ਪੁਲਿਸ ਦੀ ਮੌਜੂਦਗੀ ਵਿਚ ਕਾਫ਼ੀ ਮਸ਼ੱਕਤ ਤੋਂ ਬਾਅਦ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ | ਪੁਲਿਸ ਅਧਿਕਾਰੀਆਂ ਅਨੁਸਾਰ ਮਿ੍ਤਕ ਦੀ ਉਮਰ ਕਰੀਬ 40 ਤੋਂ 50 ਸਾਲ ਦੇ ਵਿਚਕਾਰ ਜਾਪਦੀ ਹੈ | ਲਾਸ਼ ਕਰੀਬ 3 ਤੋਂ 4 ਦਿਨ ਪੁਰਾਣੀ ਹੋਣ ਕਾਰਨ ਕਾਫ਼ੀ ਗਲ-ਸੜ ਚੁੱਕੀ ਸੀ | ਮਿ੍ਤਕ ਨੇ ਨੀਲੇ ਰੰਗ ਦੀ ਕਮੀਜ਼ ਪਾਈ ਹੋਈ ਸੀ ਅਤੇ ਉਸ ਦੇ ਹੱਥ ਵਿਚ ਇਕ ਕੜਾ ਵੀ ਮਿਲਿਆ ਹੈ | ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਅਤੇ ਪਛਾਣ ਲਈ 72 ਘੰਟਿਆਂ ਤੱਕ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਥਾਣਾ ਖੂਈਆਂ ਸਰਵਰ ਨਾਲ ਸੰਪਰਕ ਕਰਨ | ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਪ੍ਰਧਾਨ ਰਾਜੂ ਚਰਾਇਆ ਨੇ ਕਿਹਾ ਕਿ ਅਬੋਹਰ ਖੇਤਰ ਵਿਚ ਲਗਾਤਾਰ ਨੌਜਵਾਨਾਂ ਵਲੋਂ ਖ਼ੁਦਕੁਸ਼ੀ ਅਤੇ ਸ਼ੱਕੀ ਹਾਲਤਾਂ ਵਿਚ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ |