ਅਜਨਾਲਾ, 15 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਾਡੇ ਦੇਸ਼ ਦੇ ਕਿਸਾਨਾਂ ਨੂੰ ਜੇਕਰ ਸਮੁੱਚੇ ਦੇਸ਼ ਵਿਚ ਪੈਦਾ ਕੀਤੀਆਂ ਜਾ ਰਹੀਆਂ ਸਾਰੀਆਂ ਫਸਲਾਂ ਸਮੇਤ, ਦਾਲਾਂ, ਤੇਲ ਬੀਜ ਅਤੇ ਸਮੁੱਚੀਆਂ ਸਬਜ਼ੀਆਂ, ਫਲਾਂ, ਦੁੱਧ, ਲੱਕੜੀ ਆਦਿਕ ਦੀਆਂ ਕੀਮਤਾਂ ਜੇਕਰ ਸੀ+ 2 ਤੇ 50 ਪ੍ਰਤੀਸ਼ਤ ਵਾਧੇ ਨਾਲ ਐੱਮ.ਐੱਸ.ਪੀ. ਦੀ ਗਰੰਟੀ 'ਤੇ ਦਿੱਤੀਆਂ ਜਾਣ ਤਾਂ ਅਸੀਂ ਇਨ੍ਹਾਂ ਵਿਚ ਆਤਮ ਨਿਰਭਰ ਹੀ ਨਹੀਂ ਹੋਵਾਂਗੇ ਸਗੋਂ ਇਨ੍ਹਾਂ ਖੇਤੀ ਵਸਤਾਂ ਨੂੰ ਲੋੜਵੰਦ ਦੇਸ਼ਾਂ ਨੂੰ ਦਵੱਲੇ ਵਪਾਰ 'ਚ ਭੇਜ ਕੇ ਲੱਖਾਂ ਕਰੋੜਾਂ ਦੀ ਵਿਦੇਸ਼ੀ ਮੁਦਰਾ ਕਮਾਵਾਂਗੇ ਅਤੇ ਸਾਡੇ ਦੇਸ਼ ਦੇ ਸਮੂਹ ਕਿਸਾਨਾਂ ਦੀ ਆਰਥਿਕ ਹਾਲਤ ਵੀ ਬੇਹਤਰ ਹੋਵੇਗੀ ਅਤੇ ਦੇਸ਼ ਦੀ ਗ਼ਰੀਬੀ ਨੂੰ ਠੱਲ੍ਹ ਪਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਸਾਨੂੰ ਅਮਰੀਕਾ ਦੇ ਥੱਲੇ ਲੱਗ ਕੇ ਖੇਤੀ ਸਮਝੌਤਾ ਨਹੀਂ ਕਰਨਾ ਚਾਹੀਦਾ, ਜਦੋਂਕਿ ਪੰਜਾਬ ਦੇ ਲੋਕ ਖ਼ਾਸਕਰ ਸਮੂਹ ਕਿਸਾਨ ਜਥੇਬੰਦੀਆਂ ਅਤੇ ਹੋਰ ਜਮਹੂਰੀਅਤ ਪਸੰਦ ਲੋਕ 1995 ਤੋਂ ਹੀ ਜਦੋਂ ਦਾ ਡਬਲਿਊ.ਟੀ.ਓ. ਬਣਿਆ ਉਦੋਂ ਤੋਂ ਹੀ ਮੰਗ ਕਰਦੇ ਆ ਰਹੇ ਹਨ ਕਿ ਇਸ ਸਮਝੌਤੇ ਤੋਂ ਖੇਤੀ ਨੂੰ ਬਾਹਰ ਰੱਖਿਆ ਜਾਵੇ | ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਹੋਰ ਜਨਤਕ ਜਥੇਬੰਦੀਆਂ ਨਾਲ ਮਿਲ ਕੇ ਲਗਾਤਾਰ ਵੱਡੇ ਵੱਡੇ ਇਕੱਠ ਕਰਕੇ ਪੁਰਜ਼ੋਰ ਮੰਗ ਕਰ ਰਿਹਾ ਹੈ ਕਿ ਮੋਦੀ ਟਰੰਪ ਦੇ ਵਪਾਰ ਵਿਚ ਖੇਤੀ ਖੇਤਰ ਸੰਬੰਧੀ ਕੋਈ ਸਮਝੌਤੇ ਨਾ ਕੀਤਾ ਜਾਵੇ | ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਖੇਤੀ ਨੂੰ ਸਮਝੌਤੇ ਤੋਂ ਬਾਹਰ ਰਖਾਉਣ ਲਈ ਐੱਸ.ਕੇ.ਐੱਮ. ਦਾ ਸੰਘਰਸ਼ ਜਾਰੀ ਹੈ ਜਿਸ ਦੀ ਅਗਲੀ ਕੜੀ ਵਜੋਂ 22 ਫਰਵਰੀ ਨੂੰ ਭਾਜਪਾ ਦੇ ਪ੍ਰਮੁੱਖ ਆਗੂਆਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣਗੇ |