ਗੁਰਦੁਆਰਾ ਹਾਂਡੀ ਸਾਹਿਬ (ਪਟਨਾ ਸਾਹਿਬ) ਵਿਖੇ ਸੰਗਤਾਂ ਦੀ ਰਿਹਾਇਸ਼ ਲਈ ਸਰਾਂ ਤੇ ਲੰਗਰ ਹਾਲ ਦਾ ਹੋਵੇਗਾ ਨਿਰਮਾਣ <br/>
ਅਜੀਤ ਡੈਸਕ
16-02-2026
ਅੰਮਿ੍ਤਸਰ, 15 ਫਰਵਰੀ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਪਟਨਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਹਾਂਡੀ ਸਾਹਿਬ ਵਿਚ ਸੰਗਤਾਂ ਦੀ ਰਿਹਾਇਸ਼ ਲਈ ਸਰਾਂ, ਲੰਗਰ ਹਾਲ ਅਤੇ ਨਵੇਂ ਬਾਥਰੂਮ ਬਣਾਉਣ ਦੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਸ਼ਾਂ ਨੂੰ ਸੌਂਪੀ ਗਈ ਹੈ | ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ ਅਤੇ ਮੀਡੀਆ ਇੰਚਾਰਜ ਸੁਦੀਪ ਸਿੰਘ ਵਲੋਂ ਸੇਵਾ ਸੰਬੰਧੀ ਪੱਤਰ ਕਾਰ ਸੇਵਾ ਦਿੱਲੀ ਵਾਲੇ ਬਾਬਾ ਗੁਰਨਾਮ ਸਿੰਘ ਨੂੰ ਸੌਂਪਿਆ ਗਿਆ | ਉਨ੍ਹਾਂ ਕਮੇਟੀ ਨੂੰ ਭਰੋਸਾ ਦਿੱਤਾ ਹੈ ਕਿ ਅਗਲੇ ਸਾਲ ਗੁਰਪੁਰਬ ਤੋਂ ਪਹਿਲਾਂ ਕਾਰ ਸੇਵਾ ਨਿਰਮਾਣ ਦਾ ਕਾਰਜ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਇੱਥੇ ਰਿਹਾਇਸ਼ ਦੀ ਸਹੂਲਤ ਮਿਲ ਸਕੇ | ਸ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਗੁਰਪੁਰਬ ਮੌਕੇ ਸੰਗਤ ਵਲੋਂ ਕਮੇਟੀ ਕੋਲ ਮੰਗ ਕੀਤੀ ਗਈ ਸੀ ਕਿ ਗੁਰਦੁਆਰਾ ਹਾਂਡੀ ਸਾਹਿਬ ਦੇ ਨਵੀਨੀਕਰਨ ਦੇ ਨਾਲ ਰਿਹਾਇਸ਼ ਲਈ ਕਮਰੇ, ਲੰਗਰ ਹਾਲ ਅਤੇ ਆਧੁਨਿਕ ਬਾਥਰੂਮ ਬਣਾਏ ਜਾਣ | ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ ਅਤੇ ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਸਰਬਸੰਮਤੀ ਨਾਲ ਫ਼ੈਸਲਾ ਕਰਦੇ ਹੋਏ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਸ਼ਾਂ ਹੈ ਨੂੰ ਸੇਵਾ ਸੌਂਪਣ ਲਈ ਪੱਤਰ ਜਾਰੀ ਕੀਤਾ ਗਿਆ | ਤਖ਼ਤ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਦਲੀਪ ਸਿੰਘ ਵਲੋਂ ਬਾਬਾ ਕਾਰ ਸੇਵਾ ਵਾਲਿਆਂ ਨੂੰ ਸਿਰੋਪਾ ਭੇਟ ਕੀਤਾ ਗਿਆ | ਗੁਰਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ, ਜਿਨ੍ਹਾਂ ਦੀ ਸਮਾਪਤੀ ਤੋਂ ਬਾਅਦ ਅੱਜ ਹਜ਼ੂਰੀ ਰਾਗੀ ਜਥਾ ਭਾਈ ਕਵਿੰਦਰ ਸਿੰਘ, ਭਾਈ ਜੋਗਿੰਦਰ ਸਿੰਘ ਬਿੱਟੂ ਅਤੇ ਭਾਈ ਹਰਭਜਨ ਸਿੰਘ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ ਤੇ ਹਜ਼ੂਰੀ ਕਥਾ ਵਾਚਕ ਭਾਈ ਸਤਿਨਾਮ ਸਿੰਘ ਵਲੋਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਈਆਂ ਗਈਆਂ |