ਅੰਮਿ੍ਤਸਰ, 15 ਫਰਵਰੀ (ਰੇਸ਼ਮ ਸਿੰਘ)-ਇਥੇ ਥਾਣਾ ਇਸਲਾਮਾਬਾਦ ਦੇ ਖੇਤਰ ਖੂਹ ਭਲਿਆਂ ਵਾਲਾ ਵਿਖੇ ਦੋ ਧਿਰਾਂ ਦੇ ਝਗੜੇ ਉਪਰੰਤ ਇਕ ਧਿਰ ਵਲੋਂ ਖੜੀ ਸਕੂਟਰੀ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ | ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸਕੂਟਰੀ ਨੂੰ ਝਗੜੇ 'ਚ ਅੱਗ ਨਹੀਂ ਲੱਗੀ | ਮਿਲੇ ਵੇਰਵਿਆਂ ਅਨੁਸਾਰ ਇਹ ਝਗੜਾ ਸਕੂਲੀ ਬੱਚਿਆਂ ਦਾ ਸੀ ਜੋ ਕਿ ਇਕੋ ਹੀ ਸਕੂਲ 'ਚ ਪੜ੍ਹਦੇ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦਾ ਵਿਵਾਦ ਪੈਦਾ ਹੋ ਗਿਆ ਸੀ ਤੇ ਦੋਵੇਂ ਧਿਰਾਂ ਦੇ ਨੌਜਵਾਨ ਆਪਸ 'ਚ ਭਿੜ ਗਏ ਜਿਥੇ ਉਨ੍ਹਾਂ ਝਗੜਾ ਕੀਤਾ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੈਣ ਕਾਰਨ ਇਹ ਘਟਨਾ ਕਾਫੀ ਵਾਇਰਲ ਹੋ ਗਈ ਸੀ | ਇਸ ਸਬੰਧੀ ਏ.ਸੀ.ਪੀ. ਜਸਪਾਲ ਸਿੰਘ ਨੇ ਪੁਸ਼ਟੀ ਕਰਦਿਆਂ ਦਸਿਆ ਕਿ ਦੋਵਾਂ ਧਿਰਾਂ ਦਾ ਝਗੜਾ ਹੋਇਆ ਸੀ ਤੇ ਦੋਵੇਂ ਧਿਰਾਂ ਦੇ ਲੜਕੇ ਕਿਸੇ ਮਾਮੂਲੀ ਗਲ ਨੂੰ ਲੈ ਕੇ ਝਗੜੇ ਸਨ ਜਿਸ 'ਚ ਦੋਹਾਂ ਧਿਰਾਂ ਨੂੰ ਸਦਿਆ ਗਿਆ ਤੇ ਦੋਵਾਂ ਨੇ ਆਪਸੀ ਰਾਜੀਨਾਵਾ ਕਰ ਲਿਆ ਸੀ ਤੇ ਕਿਸੇ ਖਿਲਾਫ ਸ਼ਿਕਾਇਤ ਨਹੀਂ ਕੀਤੀ | ਫਿਰ ਵੀ ਦੋਵਾਂ ਧਿਰਾਂ ਖਿਲਾਫ ਜੁਰਮ ਰੋਕੂ ਕਾਰਵਾਈ ਕੀਤੀ ਗਈ ਹੈ | ਸਕੂਟਰੀ ਨੂੰ ਅੱਗ ਲੱਗਣ ਸੰਬੰਧੀ ਉਨ੍ਹਾਂ ਸਫਾਈ ਦਿੰਦਿਆਂ ਦਸਿਆ ਕਿ ਕਿਸੇ ਧਿਰ ਨੇ ਐਕਟਿਵਾ ਸਕੂਟਰੀ ਨੂੰ ੂ ਸਾੜਿਆ ਨਹੀਂ ਗਿਆ ਜਦੋਂ ਕਿ ਐਕਟਿਵਾ ਸਕੂਟਰੀ ਝਗੜੇ ਦੌਰਾਨ ਡਿੱਗ ਪਈ ਸੀ ਤੇ ਉਸਦਾ ਕੋਈ ਸ਼ਾਰਟ ਸਰਕਟ ਹੋਣ ਕਾਰਨ ਉਸਨੂੰ ਅੱਗ ਲੱਗੀ ਸੀ |