ਅੰਮਿ੍ਤਸਰ,11 ਮਈ (ਹਰਮਿੰਦਰ ਸਿੰਘ)- ਭਾਜਪਾ ਦੀ ਸੀਨੀਅਰ ਆਗੂ ਤੇ ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ਨੂੰ ਸਕੂਲ ਸਿੱਖਿਆ ਦੇ ਖੇਤਰ ਵਿਚ ਪਹਿਲਾ ਸਥਾਨ ਹਾਸਿਲ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਸਰਕਾਰ ਦਾ ਨਤੀਜਾ ਹੈ, ਸਗੋਂ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਸਾਂਝੇ ਯਤਨਾਂ ਦਾ ਵੀ ਸਿੱਟਾ ਹੈ | ਪ੍ਰੋ. ਚਾਵਲਾ ਨੇ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਸਕਾਰਾਤਮਕ ਕਦਮ ਚੁੱਕਣ ਲਈ ਪੰਜਾਬ ਸਰਕਾਰ ਵਧਾਈ ਦੀ ਹੱਕਦਾਰ ਹੈ | ਆਪਣੇ ਬੱਚਿਆਂ ਦੀ ਸਿੱਖਿਆ ਪ੍ਰਤੀ ਚਿੰਤਤ ਮਿਹਨਤੀ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਦਿਲੋਂ ਵਧਾਈਆਂ, ਕਿਉਂਕਿ ਇਹ ਸਫਲਤਾ ਉਨਾਂ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ | ਪੰਜਾਬ ਨੇ ਕੇਰਲਾ, ਮਹਾਰਾਸ਼ਟਰ ਤੇ ਦਿੱਲੀ ਵਰਗੇ ਰਾਜਾਂ ਨੂੰ ਪਛਾੜ ਕੇ ਸਿੱਖਿਆ ਦੇ ਖੇਤਰ ਵਿਚ ਇਕ ਨਵੀਂ ਪਛਾਣ ਸਥਾਪਤ ਕੀਤੀ ਹੈ, ਜੋ ਪੂਰੇ ਸੂਬੇ ਲਈ ਮਾਣ ਦੀ ਗੱਲ ਹੈ ਪਰ ਇਹ ਖੁਸ਼ੀ ਇਕ ਮਹੱਤਵਪੂਰਨ ਚਿੰਤਾ ਦੇ ਨਾਲ ਵੀ ਹੈ | ਜਿੱਥੇ ਅਸੀਂ ਸਿੱਖਿਆ ਵਿਚ ਨੰਬਰ ਇਕ ਬਣਨ ਦਾ ਜਸ਼ਨ ਮਨਾਉਂਦੇ ਹਾਂ, ਉੱਥੇ ਦੂਜੇ ਪਾਸੇ, ਸਕੂਲ ਅਧਿਆਪਕਾਂ ਨੂੰ ਮਹੀਨਿਆਂ ਬੱਧੀ ਜਨਗਣਨਾ ਦੇ ਕੰਮ ਵਰਗੇ ਗੈਰ-ਅਕਾਦਮਿਕ ਕੰਮਾਂ ਵੱਲ ਮੋੜਿਆ ਜਾਂਦਾ ਹੈ | ਇਹ ਬੱਚਿਆਂ ਦੀ ਸਿੱਖਿਆ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਕੂਲਾਂ ਦੇ ਅਕਾਦਮਿਕ ਵਾਤਾਵਰਨ ਨੂੰ ਕਮਜ਼ੋਰ ਕਰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਗੈਰ ਅਕਾਦਮਿਕ ਕੰਮ ਨਾ ਦਿੱਤੇ ਜਾਣ | ਪ੍ਰੋ: ਲਕਸ਼ਮੀ ਕਾਂਤਾ ਚਾਵਲਾ