ਤਰਨ ਤਾਰਨ, 19 ਮਈ (ਇਕਬਾਲ ਸਿੰਘ ਸੋਢੀ)-ਇਤਿਹਾਸਕ ਗੁਰੂ ਨਗਰੀ ਤਰਨ ਤਾਰਨ ਸ਼ਹਿਰ 'ਚ ਪੈਂਦੇ ਜੰਡਿਆਲਾ ਰੋਡ, ਮੁਰਾਦਪੁਰਾ, ਗੋਇੰਦਵਾਲ ਬਾਈਪਾਸ ਵਾਲਾ ਫਾਟਕ ਤੇ ਗੁਰਦੁਆਰਾ ਟੱਕਰ ਸਾਹਿਬ ਵਾਲੇ ਰੇਲਵੇ ਫਾਟਕ ਜਿਨ੍ਹਾਂ ਉਪਰ ਪੁਲ ਨਾ ਬਨਣ ਕਾਰਨ ਰੋਜ਼ਾਨਾਂ ਹੀ ਰੇਲ ਗੱਡੀਆਂ ਦਿਨ ਵਿਚ ਕਈ ਵਾਰ ਲੰਘਦੀਆਂ ਰਹਿੰਦੀਆਂ ਹਨ, ਜਿਸ ਕਾਰਨ ਇਹ ਫਾਟਕ ਅਕਸਰ ਬੰਦ ਹੀ ਰਹਿੰਦੇ ਹਨ, ਜਿਸ ਕਾਰਨ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਟ੍ਰੈਫਿਕ ਦੇ ਵੀ ਲੰਮੇ ਲੰਮੇ ਜਾਮ ਲੱਗ ਜਾਂਦੇ ਹਨ ਅਤੇ ਲੋਕਾਂ ਨੂੰ ਭਰ ਗਰਮੀ ਵਿਚ ਧੁੱਪੇ ਖੜਨਾ ਪੈਂਦਾ ਹੈ | ਜੇਕਰ ਗੱਲ ਕਰੀਏ ਤਰਨ ਤਾਰਨ ਸ਼ਹਿਹ ਦੇ ਮੁੱਖ ਮਾਰਗ ਜੰਡਿਆਲਾ ਰੋਡ ਉਪਰ ਬਣੇ ਰੇਲਵੇ ਫਾਟਕ ਦੀ ਤਾਂ ਰੋਜਾਨਾਂ ਅੰਮਿ੍ਤਸਰ ਤੋਂ ਖੇਮਕਰਨ ਨੂੰ ਡੀ.ਐੱਮ.ਯੂ. ਰੇਲ ਗੱਡੀ ਦਿਨ ਵਿਚ ਕਈ ਵਾਰ ਲੰਘਦੀ ਰਹਿੰਦੀ ਹੈ ਅਤੇ ਮਾਲ ਗੱਡੀਆਂ ਵੀ ਲੰਘਦੀਆਂ ਰਹਿੰਦੀਆਂ ਹਨ, ਜਿਸ ਕਾਰਨ ਫਾਟਕ ਅਕਸਰ ਬੰਦ ਰਹਿੰਦਾ ਹੈ ਅਤੇ ਇਸ ਮਾਰਗ ਉਪਰ ਲੋਕਾਂ ਦੀ ਆਵਾਜਾਈ ਜਿਆਦਾ ਹੋਣ ਕਾਰਨ ਫਾਟਕ ਬੰਦ ਹੋਣ ਸਮੇਂ ਵਾਹਨਾਂ ਦਾ ਭਾਰੀ ਜਾਮ ਲੱਗ ਜਾਂਦਾ ਹੈ ਤੇ ਲੋਕ ਜਾਮ ਵਿਚ ਕਈ-ਕਈ ਚਿਰ ਫਸੇ ਰਹਿੰਦੇ ਹਨ | ਜੰਡਿਆਲਾ ਰੋਡ ਸ਼ਹਿਰ ਦਾ ਮੁੱਖ ਮਾਰਗ ਹੋਣ ਤੋਂ ਇਲਾਵਾ ਇਹ ਸੜਕ ਸ਼ਹਿਰ ਨੂੰ ਜੰਡਿਆਲਾ ਬਾਈਪਾਸ ਨਾਲ ਜੋੜਦੀ ਹੈ ਅਤੇ ਇਸ ਸੜਕ ਉਪਰ ਬੱਸ ਅੱਡਾ, ਕਈ ਸਰਕਾਰੀ ਅਤੇ ਪ੍ਰਾਈਵੇਟ ਸਕੂਲ-ਕਾਲਜ, ਹਸਪਤਾਲ ਤੋਂ ਇਲਾਵਾ ਇਹ ਸੜਕ ਦਾਣਾ ਮੰਡੀ ਤਰਨ ਤਾਰਨ ਨੂੰ ਜਾਂਦੀ ਹੈ, ਜਿਸ ਕਾਰਨ ਇਸ ਸੜਕ ਉਪਰ ਭਾਰੀ ਆਵਾਜਾਈ ਰਹਿੰਦੀ ਹੈ | ਇਸ ਤੋਂ ਇਲਾਵਾ ਕਸਬਾ ਮੁਰਾਦਪੁਰਾ ਵਾਲਾ ਫਾਟਕ, ਗੋਇੰਦਵਾਲ ਬਾਈਪਾਸ ਵਾਲਾ ਫਾਟਕ ਅਤੇ ਗੁਰਦੁਆਰਾ ਟੱਕਰ ਸਾਹਿਬ ਨਜ਼ਦੀਕ ਬਣਿਆ ਰੇਲਵੇ ਫਾਟਕ ਵੀ ਬੰਦ ਹੀ ਰਹਿੰਦਾ ਹੈ ਤੇ ਫਾਟਕ ਬੰਦ ਹੋਣ ਸਮੇਂ ਵਾਹਨਾਂ ਦੇ ਵੱਡੇ ਵੱੱਡੇ ਜਾਮ ਲੱਗ ਜਾਂਦੇ ਹਨ ਜੋ ਕਿ ਕਈ-ਕਈ ਚਿਰ ਲੱਗੇ ਰਹਿੰਦੇ ਹਨ | ਲੋਕ ਆਪਣੀਆਂ ਜਾਨਾਂ ਜੋਖ਼ਮ ਵਿਚ ਪਾ ਕੇ ਫਾਟਕ ਦੇ ਥੱਲਿਓ ਆਪਣੇ ਵਾਹਨ ਲੰਘਾਉਂਦੇ ਹਨ, ਜਿਸ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਪ੍ਰੰਤੂ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਰੇਲਵੇ ਵਿਭਾਗ ਇਸ ਤਰਫ ਧਿਆਨ ਦੇ ਰਹੀ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਤਰਨ ਤਾਰਨ ਸ਼ਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਲੋਂ ਵਸਾਈ ਹੋਈ ਪਵਿੱਤਰ ਨਗਰੀ ਹੈ, ਜਿਥੇ ਰੋਜਾਨਾਂ ਹੀ ਦੇਸ਼-ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਹਿਰ ਵਿਚ ਆਉਂਦੀਆਂ ਹਨ ਪ੍ਰੰਤੂ ਸ਼ਹਿਰ ਵਿਚ ਪੈਂਦੇ ਉਕਤ ਫਾਟਕਾਂ ਦੇ ਅਕਸਰ ਬੰਦ ਰਹਿਣ ਕਾਰਨ ਸੰਗਤਾਂ ਵੀ ਜਾਮ ਵਿਚ ਫਸ ਕੇ ਪ੍ਰੇਸ਼ਾਨ ਹੁੰਦੀਆਂ ਹਨ | ਸ਼ਹਿਰ ਨਿਵਾਸੀਆਂ ਦੱਸਿਆ ਕਿ ਜਿਹੜੀ ਵੀ ਸਰਕਾਰ ਸੱਤਾ ਵਿਚ ਆਉਂਦੀ ਹੈ ਭਾਵੇਂ ਉਹ ਕਾਂਗਰਸ ਹੋਵੇ, ਅਕਾਲੀ ਦਲ ਹੋਵੇ ਜਾਂ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਨ੍ਹਾਂ ਦੇ ਸਿਆਸੀ ਨੇਤਾਵਾਂ ਵਲੋਂ ਸ਼ਹਿਰ ਨਿਵਾਸੀਆਂ ਨੂੰ ਇਨ੍ਹਾਂ ਰੇਲਵੇ ਫਾਟਕਾਂ ਉਪਰ ਪੁਲ ਬਣਾਉਣ ਲਈ ਸਿਰਫ ਝੂਠੇ ਵਾਅਦੇ ਕੀਤੇ ਜਾਂਦੇ ਹਨ ਪਰ ਫਾਟਕਾਂ ਉਪਰ ਪੁਲ ਨਹੀਂ ਬਣਾਏ ਜਾ ਰਹੇ ਹਨ, ਜਿਸ ਕਾਰਨ ਲੋਕ ਮੁਸ਼ਕਿਲਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਅਤੇ ਉਥੇ ਟ੍ਰੈਫਿਕ ਜਾਮ ਵੀ ਸ਼ਹਿਰ ਵਿਚ ਲਗਾਤਾਰ ਵੱਧ ਰਹੇ ਹਨ | ਉਨ੍ਹਾਂ ਰੇਲਵੇ ਵਿਭਾਗ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਤਰਨ ਤਾਰਨ ਸ਼ਹਿਰ ਵਿਚੋਂ ਲੰਘਦੇ ਉਕਤ ਰੇਲਵੇ ਫਾਟਕਾਂ ਉਪਰ ਜਲਦ ਪੁਲ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਨਿਯਾਤ ਮਿਲ ਸਕੇ |