ਹਰੀਕੇ ਪੱਤਣ, 13 ਜੂਨ ( ਸੰਜੀਵ ਕੁੰਦਰਾ)-ਬੀਤੀ ਸ਼ਾਮ ਆਏ ਤੇਜ਼ ਤੂਫਾਨ ਨੇ ਭਾਰੀ ਤਬਾਹੀ ਕੀਤੀ ਲੋਕਾਂ ਦਾ ਵੱਡਾ ਨੁਕਸਾਨ ਹੋਇਆ। ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਬੂਹ ਵਿਖੇ ਤੇਜ਼ ਤੂਫਾਨ ਦੀ ਮਾਰ ਨੇ ਪਰਿਵਾਰ ਤੋਂ ਘਰ ਦੀ ਛੱਤ ਖੋਹ ਲਈ ਤੇ ਬੇਵੱਸ ਪਰਿਵਾਰ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਬਰਿੰਦਰ ਸਿੰਘ ਵਾਸੀ ਬੂਹ ਨੇ ਦੱਸਿਆ ਕਿ ਸਾਡੇ ਘਰ ਨਜ਼ਦੀਕ ਕਿਸੇ ਨੇ ਸ਼ੈਡ ਪਾਇਆ ਹੋਇਆ ਸੀ, ਸੋ ਬੀਤੇ ਕੱਲ੍ਹ ਆਏ ਤੇਜ਼ ਤੂਫਾਨ ਕਾਰਨ ਉੱਡ ਕੇ ਸਾਡੇ ਘਰ ਦੀ ਛੱਤ ਤੇ ਆ ਡਿੱਗਾ। ਇਹ ਭਾਰੀ ਸ਼ੈਡ ਡਿੱਗਣ ਕਾਰਨ ਮੇਰੇ ਘਰ ਦੀ ਛੱਤ ਤੇ ਕਮਰੇ ਪੂਰੀ ਤਰ੍ਹਾਂ ਟੁੱਟ ਗਏ। ਮਲ੍ਹਬਾ ਡਿੱਗਣ ਕਾਰਨ ਘਰ ਵਿਚ ਪਿਆ ਅਲਮਾਰੀ, ਕੂਲਰ, ਬੈਡ ਆਦਿ ਸਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਪ੍ਰਮਾਤਮਾ ਦੀ ਕਿਰਪਾ ਨਾਲ ਪਰਿਵਾਰ ਦੇ ਜੀਅ ਵਾਲ ਵਾਲ ਬਚ ਗਏ। ਰਾਜਬਰਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਤੂਫਾਨ ਨੇ ਸਾਡੇ ਸਿਰ ਤੋਂ ਛੱਤ ਵੀ ਖੋਹ ਲਈ ਅਤੇ ਸਾਡਾ ਪਰਿਵਾਰ ਅੱਤ ਦੀ ਗਰਮੀ ਵਿਚ ਕਿਧਰ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਸਾਰ ਲਈ ਜਾਵੇ ਅਤੇ ਘਰ ਦੀ ਮੁਰੰਮਤ ਲਈ ਸਰਕਾਰ ਸਾਡੀ ਸਹਾਇਤਾ ਕਰੇ ।