ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੇ ਇਲਾਕੇ ਗੁਰਦੁਆਰਾ ਰੇਰੂ ਸਾਹਿਬ ਰੋਡ 'ਤੇ ਦੁਕਾਨ ਅੰਦਰ ਦਾਖ਼ਲ ਹੋਏ ਹਥਿਆਰਬੰਦ ਹਮਲਾਵਰਾਂ ਵਲੋਂ ਪਿਓ-ਪੁੱਤਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਮਕਸੂਦਨ ਸਾਹਨੀ ਨੇ ਦੱਸਿਆ ਕਿ ਉਸ ਦੀ ਗਿੱਲ ਮੀਟ ਸ਼ਾਪ ਦੇ ਨਾਮ 'ਤੇ ਗੁਰਦੁਆਰਾ ਰੇਰੂ ਸਾਹਿਬ ਰੋਡ 'ਤੇ ਦੁਕਾਨ ਹੈ | ਉਹ ਆਪਣੇ ਲੜਕੇ ਸੋਨੂੰ ਨਾਲ ਦੁਕਾਨ 'ਤੇ ਬੈਠਾ ਸੀ ਤਾਂ 20-25 ਅਣਪਛਾਤੇ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਹਮਲਾਵਰਾਂ ਨੇ ਦੁਕਾਨ 'ਤੇ ਲੱਗੇ ਸ਼ੀਸ਼ੇ ਤੱਕ ਵੀ ਤੋੜ ਦਿੱਤੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਹੌਲਦਾਰ ਰਾਜ ਗੋਪਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਬੀਤੂ, ਜਗਰੂਪ, ਮੋਹਲੀ, ਗੁੰਦੀ, ਬਾਬਾ, ਬੱਲੀ ਵਜੋਂ ਕੀਤੀ ਗਈ ਹੈ ਅਤੇ ਪੁਲਿਸ ਨੇ ਇਨ੍ਹਾਂ ਸਮੇਤ 19-20 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |