ਡਾਬਾ/ਲੁਹਾਰਾ, 26 ਜੁਲਾਈ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਵਾਰਡ ਨੰਬਰ 34 ਦੇ ਮੁਹੱਲਾ ਗਗਨ ਨਗਰ ਵਿਖੇ ਕਈ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਸੀਵਰੇਜ ਦਾ ਗੰਦਾ ਪਾਣੀ ਆ ਰਿਹਾ ਹੈ। ਇਸ ਸਮੱਸਿਆ ਸਬੰਧੀ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਾਈਪਾਂ ਵਿਚ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ ਅਤੇ ਅਸੀਂ ਗੰਦਾ ਪਾਣੀ ਪੀਣ ਨੂੰ ਮਜਬੂਰ ਹਾਂ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਪੀਣ ਕਾਰਨ ਬੱਚੇ- ਬੀਬੀਆਂ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਅਫ਼ਸਰਾਂ ਅਤੇ ਕੌਂਸਲਰ ਨੂੰ ਸ਼ਿਕਾਇਤ ਕਰ ਚੁੱਕੇ ਹਾਂ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦੱਖਣੀ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ ਨੂੰ ਸਾਰੇ ਮਾਮਲੇ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਆਪ ਟਰੈਕਟਰ ’ਤੇ ਪਾਣੀ ਦੇ ਟੈਂਕਰ ਲੈ ਕੇ ਆਏ ਅਤੇ ਮੁਹੱਲੇ ਵਿਚ ਪਾਣੀ ਸਪਲਾਈ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਨੂੰ ਰਹਿਣ ਵਾਸਤੇ ਪੀਣ ਵਾਲੇ ਪਾਣੀ ਦੀ ਵਾਟਰ ਸਪਲਾਈ, ਸੀਵਰੇਜ ਅਤੇ ਸਟਰੀਟ ਲਾਈਟਾਂ ਜ਼ਰੂਰ ਚਾਹੀਦੀਆਂ ਹਨ, ਪਰ ਅਫ਼ਸੋਸ ਸਰਕਾਰ ਇਹ ਸਹੂਲਤਾਂ ਜਨਤਾ ਨੂੰ ਦੇਣ ਵਿਚ ਵਿਫਲ ਹੋ ਰਹੀ ਹੈ। ਉਨ੍ਹਾਂ ਨੇ ਮੌਕੇ ’ਤੇ ਐਕਸੀਅਨ ਨੂੰ ਫ਼ੋਨ ਕਰਕੇ ਇਸ ਮਸਲੇ ਸਬੰਧੀ ਬੇਨਤੀ ਕੀਤੀ ਕਿ ਇਸ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਮੇਰੇ ਪਰਿਵਾਰ ਵਰਗੇ ਹਨ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਲਦੀ ਹੀ ਸਾਰੇ ਮਸਲੇ ਦਾ ਹੱਲ ਕਰਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਸ਼ਮਸ਼ੇਰ ਸਿੰਘ ਮਾਨ ਗਾਗਾ ਸ਼ਰਮਾ, ਪੰਕਜ ਸੈਣੀ, ਸਤਪਾਲ ਰਾਜਪੂਤ, ਲਾਲਾ ਜੀ, ਸੋਨੂੰ ਕਾਲੀਆ, ਬਲਜੀਤ ਸ਼ਰਮਾ, ਵਿਜੇ ਸ਼ਰਮਾ, ਬਲਜਿੰਦਰ ਸ਼ਰਮਾ, ਸਤਪਾਲ ਕੰਮ, ਰਿੰਕੂ, ਮਨਵੀਰ ਕੌਰ, ਮਾਲਤੀ ਦੇਵੀ, ਗੀਤਾ ਅਤੇ ਹੋਰ ਹਾਜ਼ਰ ਸਨ।
ਇਸ ਸਬੰਧੀ ਜਦੋਂ ਇਲਾਕੇ ਦੇ ਕੌਂਸਲਰ ਰਜੇਸ਼ ਮਿਸਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਮੇਰੇ ਧਿਆਨ ਵਿਚ ਹੈ ਅਤੇ ਜਦੋਂ ਵੀ ਕੋਈ ਵਾਰਡ ਵਿਚ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਉਸ ਮਸਲੇ ਨੂੰ ਹੱਲ ਕਰਦੇ ਹਨ। ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਰਲਿਆ ਆਉਣ ’ਤੇ ਨਿਗਮ ਦੇ ਅਫ਼ਸਰਾਂ ਨੂੰ ਕੰਪਲੇਂਟ ਲਿਖ ਕੇ ਦਿੱਤੀ ਹੋਈ ਹੈ ਅਤੇ ਜਲਦੀ ਹੀ ਇਸ ਮਸਲੇ ਦਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਹੁੰਦਾ ਹੈ ਕਿ ਉਹ ਹਰੇਕ ਮਸਲੇ ਵਿਚ ਰਾਜਨੀਤੀ ਕਰਦੇ ਹਨ। ਕੌਂਸਲਰ ਮਿਸਰਾ ਨੇ ਕਿਹਾ ਕਿ ਗਗਨ ਨਗਰ ਵਿਖੇ ਜਲਦੀ ਹੀ ਇਕ ਨਵਾਂ ਟਿਊਬਵੈਲ ਲਗਾਇਆ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ।
ਗਗਨ ਨਗਰ ਵਿਖੇ ਲੋਕ ਸੀਵਰੇਜ ਦਾ ਰਲਿਆ ਗੰਦਾ ਪਾਣੀ ਪੀਣ ਨੂੰ ਮਜਬੂਰ-ਕਿਸੇ ਵੇਲੇ ਫੈਲ ਸਕਦੀ ਹੈ ਭਿਅੰਕਰ ਬਿਮਾਰੀ
ਅਜੀਤ ਡੈਸਕ
27-07-2026