ਐੱਸ. ਏ. ਐੱਸ. ਨਗਰ, 29 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਕੇਂਦਰ ਸਰਕਾਰ ਵਲੋਂ ਯੂ. ਜੀ. ਸੀ. ਦੇ ਨਿਯਮਾਂ ਵਿਚ ਜੋ ਤਬਦੀਲੀ ਕੀਤੀ ਜਾ ਰਹੀ ਹੈ, ਉਹ ਜਨਰਲ ਵਰਗ ਦੇ ਵਿਦਿਆਰਥੀਆਂ ਲਈ ਬਹੁਤ ਹੀ ਮਾਰੂ ਸਾਬਿਤ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਨਰਲ ਵਰਗ ਦੇ ਸੂਬਾਈ ਆਗੂਆਂ ਬਲਬੀਰ ਸਿੰਘ ਫੁੱਗਲਾਣਾ ਤੇ ਜਸਵੀਰ ਸਿੰਘ ਗੜਾਂਗ ਨੇ ਕਿਹਾ ਕਿ ਪਿਛਲੇ ਸਮੇਂ ਦੇ ਅੰਕੜੇ ਗਵਾਹ ਹਨ ਕਿ ਐਟਰੋਸਿਟੀ ਐਕਟ ਅਧੀਨ ਦਰਜ ਕੀਤੇ ਗਏ ਜ਼ਿਆਦਾਤਰ ਮਾਮਲੇ ਝੂਠੇ ਪਾਏ ਗਏ ਹਨ | ਸੋਸ਼ਲ ਮੀਡੀਆ 'ਤੇ ਰਿਜ਼ਰਵ ਕੈਟਾਗਰੀ ਦੇ ਵਿਦਿਆਰਥੀ ਵੀ ਨਵੇਂ ਨਿਯਮਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ | ਇਸੇ ਦੌਰਾਨ ਜਗਦੀਸ਼ ਸਿੰਗਲਾ, ਅਵਤਾਰ ਸਿੰਘ, ਹਰਚੰਦ ਸਿੰਘ ਤੇ ਜਗਤਾਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਅਜਿਹੇ ਨਵੇਂ ਨਿਯਮਾਂ ਨਾਲ ਜਾਤੀਵਾਦ ਹੋਰ ਵਧੇਗਾ ਅਤੇ ਵਿੱਦਿਅਕ ਸੰਸਥਾਵਾਂ 'ਚ ਮਾਹੌਲ ਖ਼ਰਾਬ ਹੋਣ ਦੀ ਸ਼ੰਕਾ ਹੈ | ਉਨ੍ਹਾਂ ਕਿਹਾ ਕਿ ਜਰਨਲ ਵਰਗ ਦੇ ਵਿਦਿਆਰਥੀਆਂ ਨੂੰ ਰਾਖਵੇਂਕਰਨ ਕਰਕੇ ਮੈਰਿਟ ਉੱਚੀ ਹੋਣ ਦੇ ਬਾਵਜੂਦ ਵੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੰਤ 'ਚ ਰਾਜ ਸ਼ਰਮਾ, ਹਰਮਿੰਦਰ ਸਿੰਘ, ਦਵਿੰਦਰਪਾਲ ਸਿੰਘ ਅਤੇ ਅਸ਼ੋਕ ਕੁਮਾਰ ਆਦਿ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਯੂ. ਜੀ. ਸੀ. ਦੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਇਨ੍ਹਾਂ 'ਤੇ ਪੁਨਰ ਵਿਚਾਰ ਕਰਨ ਦੀ ਮੰਗ ਕੀਤੀ |