11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਾਜਾਇਜ਼ ਸੰਬੰਧਾਂ ਕਾਰਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ <br/>

ਅਜੀਤ ਡੈਸਕ 31-01-2026
ਜ਼ੀਰਕਪੁਰ, 30 ਜਨਵਰੀ (ਮਨਿੰਦਰ ਸਿੰਘ)-ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਦੇ ਕਤਲ ਮਾਮਲੇ ਵਿਚ ਯੂ. ਪੀ. ਪੁਲਿਸ ਨੇ ਜ਼ੀਰੋ ਅੱੈਫ. ਆਈ. ਆਰ. ਦਰਜ ਕਰਕੇ ਜਾਂਚ ਜ਼ੀਰਕਪੁਰ ਪੁਲਿਸ ਨੂੰ ਸੌਂਪ ਦਿੱਤੀ ਹੈ | ਇਹ ਮਾਮਲਾ ਬਲਟਾਣਾ ਇਲਾਕੇ ਦਾ ਹੈ, ਜਿੱਥੇ ਕਿ ਮਿ੍ਤਕ ਪਿਛਲੇ 20 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ | ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਦੇ ਨਾਜਾਇਜ਼ ਸੰਬੰਧਾਂ ਕਾਰਨ ਉਸ ਦੇ ਸਿਰ 'ਤੇ ਡੰਡੇ ਨਾਲ ਵਾਰ ਕਰਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ | ਮਿ੍ਤਕ ਦੀ ਪਤਨੀ ਤੇ ਧੀ ਸਮੇਤ ਤਿੰਨ ਲੋਕਾਂ ਵਿਰੁੱਧ ਜ਼ੀਰਕਪੁਰ ਪੁਲਿਸ ਥਾਣੇ ਵਿਖੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ | ਮੁਲਜ਼ਮਾਂ ਦੀ ਪਛਾਣ ਗੁੜੀਆ (ਪਤਨੀ), ਪਿੰਕੀ (ਧੀ) ਤੇ ਨਿਤੀਸ਼ ਕੁਮਾਰ ਵਾਸੀ ਪਿੰਡ ਕੋਤਲਾਹੀ ਮਜਰੇ ਮੇਹਦੀਗੰਜ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਿ੍ਤਕ ਦੇ ਪਿਤਾ ਰਾਮ ਕੁਮਾਰ ਵਾਸੀ ਪਿੰਡ ਗੋਝਾਰੀ ਮਾਜਰਾ ਪਿਆਰੇਪੁਰ ਰਾਏਬਰੇਲੀ ਨੇ ਦੋਸ਼ ਲਗਾਇਆ ਕਿ ਉਸ ਦਾ ਪੁੱਤਰ ਅਖਿਲੇਸ਼ ਸਿੰਘ ਆਪਣੀ ਪਤਨੀ ਗੁੜੀਆ ਤੇ ਧੀ ਪਿੰਕੀ ਸਮੇਤ ਜ਼ੀਰਕਪੁਰ ਦੇ ਪਿੰਡ ਬਲਟਾਣਾ ਵਿਖੇ ਰਹਿ ਰਿਹਾ ਸੀ | ਅਖਿਲੇਸ਼ ਤੇ ਉਸ ਦੀ ਪਤਨੀ ਦਾ ਲੰਬੇ ਸਮੇਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਸੀ | ਇਸ ਦੌਰਾਨ ਅਖਿਲੇਸ਼ ਦੀ ਪਤਨੀ ਗੁੜੀਆ ਦੇ ਨਿਤੀਸ਼ ਕੁਮਾਰ ਨਾਂਅ ਦੇ ਇਕ ਨੌਜਵਾਨ ਨਾਲ ਨਾਜਾਇਜ਼ ਸੰਬੰਧ ਬਣ ਗਏ, ਜਿਸ ਦਾ ਅਖਿਲੇਸ਼ ਨੇ ਵਿਰੋਧ ਕੀਤਾ | ਦੋਸ਼ ਹੈ ਕਿ 24 ਅਗਸਤ 2025 ਨੂੰ ਗੁੜੀਆ, ਉਸ ਦੀ ਧੀ ਪਿੰਕੀ ਤੇ ਨਿਤੀਸ਼ ਕੁਮਾਰ ਨੇ ਅਖਿਲੇਸ਼ ਨੂੰ ਡੰਡਿਆਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ | ਇਸ ਤੋਂ ਬਾਅਦ ਅਖਿਲੇਸ਼ ਦੀ ਲਾਸ਼ ਨੂੰ ਉਨ੍ਹਾਂ ਦੇ ਪਿੰਡ ਛੱਡ ਦਿੱਤਾ ਗਿਆ | ਲਾਸ਼ 'ਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਸਨ, ਜਿਸ ਕਾਰਨ ਹਰਚੰਦਪੁਰ ਪੁਲਿਸ ਥਾਣੇ ਵਿਖੇ ਸ਼ਿਕਾਇਤ ਦਿੱਤੀ ਗਈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ, ਪਰ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ | ਕਾਰਵਾਈ ਨਾ ਹੋਣ ਕਾਰਨ ਰਾਮ ਕੁਮਾਰ ਨੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਅਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਹਰਚੰਦਪੁਰ ਪੁਲਿਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰਕੇ ਜਾਂਚ ਲਈ ਮਾਮਲਾ ਜ਼ੀਰਕਪੁਰ ਥਾਣੇ ਦੀ ਪੁਲਿਸ ਨੂੰ ਸੌਂਪ ਦਿੱਤਾ | ਐੱਸ. ਐਸ. ਪੀ. ਮੁਹਾਲੀ ਦੇ ਨਿਰਦੇਸ਼ਾਂ 'ਤੇ ਜ਼ੀਰਕਪੁਰ ਥਾਣੇ ਦੀ ਪੁਲਿਸ ਨੇ ਮਿ੍ਤਕ ਦੀ ਪਤਨੀ ਸਮੇਤ ਤਿੰਨ ਲੋਕਾਂ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 103 (1) ਦੇ ਤਹਿਤ ਕੇਸ ਦਰਜ ਕਰਕੇ ਜਾਂਚ ਬਲਟਾਣਾ ਚੌਕੀ ਦੇ ਇੰਚਾਰਜ ਐੱਸ. ਆਈ. ਗੁਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਬਿਜਲੀ ਮੁਲਾਜ਼ਮਾਂ ਦੇ ਵੱਖ-ਵੱਖ ਦਫ਼ਤਰਾਂ ਵਿਚ ਕੀਤੀਆਂ ਗਈਆਂ ਰੋਸ ਰੈਲੀਆਂ <br/> ਅਗਲੀ ਖ਼ਬਰ ਲੜਾਈ-ਝਗੜੇ ਦਾ ਕੇਸ ਰਫ਼ਾ-ਦਫ਼ਾ ਕਰਨ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਏ. ਐੱਸ. ਆਈ. ਵਿਜੀਲੈਂਸ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।