10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਰਕਾਰ ਦੀ ਨਾਕਾਮੀ ਕਾਰਨ ਮੁਹਾਲੀ ਗੈਂਗਸਟਰਾਂ ਦੀ ਪਨਾਹਗਾਹ ਬਣਿਆ- ਡਾ. ਸੁਭਾਸ਼ ਸ਼ਰਮਾ <br/>

ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸੂਬਾ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ | ਅਜੀਤ ਤਸਵੀਰ <br/> 31-01-2026
ਐੱਸ. ਏ. ਐੱਸ. ਨਗਰ, 30 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਮੁਹਾਲੀ ਗੈਂਗਸਟਰਾਂ ਦੀ ਪਨਾਹਗਾਹ ਬਣ ਚੁੱਕਾ ਹੈ | ਜੇਕਰ ਪੰਜਾਬ ਵਿਚ ਹੋ ਰਹੀਆਂ ਵੱਡੀਆਂ-ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਵੇਖਿਆ ਜਾਵੇ ਤਾਂ ਉਨ੍ਹਾਂ ਦਾ ਕਿਤੇ ਨਾ ਕਿਤੇ ਮੁਹਾਲੀ ਨਾਲ ਸੰਬੰਧ ਜ਼ਰੂਰ ਜੁੜਦਾ ਨਜ਼ਰ ਆਉਂਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਭਾਜਪਾ ਦੇ ਸੂਬਾ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਮੁਹਾਲੀ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਮੁਹਾਲੀ ਦੇ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਦਿਨ-ਦਿਹਾੜੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਹ ਵਾਰਦਾਤ ਦਰਸਾਉਂਦੀ ਹੈ ਕਿ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਹਨ ਅਤੇ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਹੁਣ ਛੋਟਾ-ਮੋਟਾ ਕੰਮ ਕਰਨ ਵਾਲੇ ਕਾਰੋਬਾਰੀਆਂ ਤੋਂ ਵੀ ਖੁੱਲ੍ਹੇਆਮ ਫਿਰੌਤੀ ਮੰਗੀ ਜਾ ਰਹੀ ਹੈ | ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵੱਲ ਵੀ ਥੋੜ੍ਹਾ ਧਿਆਨ ਦੇਣ ਕਿਉਂਕਿ ਮੌਜੂਦਾ ਹਾਲਤਾਂ ਨੂੰ ਦੇਖਦਿਆਂ ਆਮ ਘਰਾਂ ਦੇ ਲੋਕ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ | ਇਸੇ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਸਾਲ 2002 ਵਿਚ ਜ਼ਿਲ੍ਹੇ ਦੀ ਆਬਾਦੀ ਕਰੀਬ 5 ਤੋਂ 7 ਲੱਖ ਸੀ ਅਤੇ ਉਸ ਸਮੇਂ 3500 ਦੇ ਕਰੀਬ ਪੁਲਿਸ ਕਰਮਚਾਰੀ ਤਾਇਨਾਤ ਸਨ, ਪਰ ਅੱਜ ਮੁਹਾਲੀ ਦੀ ਆਬਾਦੀ 20 ਲੱਖ ਦੇ ਕਰੀਬ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਪੁਲਿਸ ਦੀ ਨਫ਼ਰੀ 1000 ਤੋਂ ਵੀ ਘੱਟ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਸਟਾਫ਼ ਦੀ ਭਾਰੀ ਕਮੀ ਕਾਰਨ ਥਾਣਿਆਂ ਵਿਚ ਹਾਲਾਤ ਇਹ ਹਨ ਕਿ ਕਿਸੇ ਵੀ ਘਟਨਾ ਤੋਂ ਬਾਅਦ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਨ ਵਿਚ 24 ਤੋਂ 48 ਘੰਟੇ ਲੱਗ ਜਾਂਦੇ ਹਨ, ਜਿਸ ਕਾਰਨ ਮੁਹਾਲੀ ਅਪਰਾਧੀਆਂ ਲਈ ਸਵਰਗ ਸਾਬਿਤ ਹੋ ਰਿਹਾ ਹੈ | ਇਸ ਮੌਕੇ ਸੀਨੀਅਰ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਅਤੇ ਮੁਹਾਲੀ ਭਾਜਪਾ ਦੇ ਮੀਡੀਆ ਇੰਚਾਰਜ ਚੰਦਰ ਸ਼ੇਖਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਖਰੜ ਵਿਖੇ 'ਖਾਟੂ ਸ਼ਿਆਮ ਦੁਆਦਸ਼ੀ' ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਮੋਬਾਈਲ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।