22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਦੇਸ਼ ਵਿਆਪੀ ਹੜਤਾਲ 'ਚ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ <br/>

ਅਜੀਤ ਡੈਸਕ 13-02-2026
ਚੰਡੀਗੜ੍ਹ, 12 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਫੈਡਰੇਸ਼ਨਾਂ ਦੇ ਸੱਦੇ 'ਤੇ ਯੂ. ਟੀ. ਐੱਮ. ਸੀ. ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੇ ਅੱਜ ਯੂ. ਟੀ. ਕਰਮਚਾਰੀ ਅਤੇ ਵਰਕਰ ਫੈਡਰੇਸ਼ਨ ਚੰਡੀਗੜ੍ਹ ਦੇ ਬੈਨਰ ਹੇਠ ਦੇਸ਼ ਵਿਆਪੀ ਹੜਤਾਲ ਵਿਚ ਸ਼ਮੂਲੀਅਤ ਕੀਤੀ | ਇੱਥੇ ਸੈਕਟਰ 17 ਦੀ ਬਿ੍ਜ ਮਾਰਕੀਟ ਵਿਚ ਇਕ ਵਿਸ਼ਾਲ ਰੈਲੀ ਅਤੇ ਪ੍ਰਦਰਸ਼ਨ ਕੀਤਾ, ਜਿਸ ਵਿਚ ਬਿਜਲੀ, ਪਾਣੀ, ਬਾਗਬਾਨੀ, ਸੜਕਾਂ, ਬਿਜਲੀ, ਐਮਸੀ ਮਨੀਮਾਜਰਾ, ਸਿਹਤ, ਆਵਾਜਾਈ, ਮਹਿਲਾ ਅਤੇ ਬਾਲ ਵਿਕਾਸ, ਠੋਸ ਰਹਿੰਦ-ਖੂੰਹਦ ਅਤੇ ਕਜੌਲੀ ਵਾਟਰ ਵਰਕਸ ਸਮੇਤ ਵੱਖ-ਵੱਖ ਯੂਟੀ ਅਤੇ ਨਗਰ ਨਿਗਮ ਵਿਭਾਗਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ | ਕਰਮਚਾਰੀਆਂ ਤੋਂ ਇਲਾਵਾ, ਸੀ.ਆਈ.ਟੀ.ਯੂ., ਏ. ਆਈ. ਟੀ. ਯੂ. ਸੀ. ਅਤੇ ਆਈ. ਐੱਨ. ਟੀ. ਯੂ. ਸੀ. ਨਾਲ ਜੁੜੀਆਂ ਯੂਨੀਅਨਾਂ ਨੇ ਵੀ ਸਾਂਝੀ ਰੈਲੀ ਵਿਚ ਹਿੱਸਾ ਲਿਆ | ਸੈਕਟਰ 17 ਵਿਚ ਹੜਤਾਲੀ ਕਾਮਿਆਂ ਦੀ ਰੈਲੀ ਦੀ ਅਗਵਾਈ ਫੈਡਰੇਸ਼ਨ ਦੇ ਪ੍ਰਧਾਨ ਰਾਜੇਂਦਰ ਕਟੋਚ, ਉਪ ਪ੍ਰਧਾਨ ਰੇਖਾ ਗੋਰਾ, ਐੱਮ. ਐੱਮ. ਸੁਬਰਾਮਨੀਅਮ, ਅਮਰੀਕ ਸਿੰਘ, ਸੀ. ਆਈ. ਟੀ. ਯੂ. ਦੇ ਜਨਰਲ ਸਕੱਤਰ ਦਿਨੇਸ਼ ਪ੍ਰਸਾਦ, ਏ. ਆਈ. ਟੀ. ਯੂ. ਸੀ. ਦੇ ਪ੍ਰਧਾਨ ਰਾਜਕੁਮਾਰ, ਸੀ.ਟੀ.ਯੂ. ਆਗੂ ਧਮੇਂਦਰ ਰਾਹੀ, ਸਿਹਤ ਪ੍ਰਧਾਨ ਰਣਜੀਤ ਸਿੰਘ ਅਤੇ ਇੰਡੀਅਨ ਕੌਂਸਲ ਦੇ ਉਪ ਪ੍ਰਧਾਨ ਰੇਖਾ ਗੋਰਾ, ਸਾਬਕਾ ਪ੍ਰਧਾਨ ਰੇਖਾ ਸ਼ਰਮਾ ਵੀ ਨੇ ਵੀ ਸੰਬੋਧਨ ਕੀਤਾ | ਸਟੇਜ ਦਾ ਸੰਚਾਲਨ ਫੈਡਰੇਸ਼ਨ ਦੇ ਪ੍ਰਧਾਨ ਗੋਪਾਲ ਦੱਤ ਜੋਸ਼ੀ ਨੇ ਕੀਤਾ |
ਹੜਤਾਲ ਵਿਚ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਕੇਸ਼ ਚੰਦ, ਬਿਹਾਰੀ ਲਾਲ, ਨਸੀਬ ਸਿੰਘ, ਹਰਪਾਲ ਸਿੰਘ, ਤਰੁਣ ਕੁਮਾਰ, ਕਸ਼ਮੀਰ ਸਿੰਘ, ਵਰਿੰਦਰ ਸਿੰਘ ਹਰਜਿੰਦਰ ਸਿੰਘ, ਵਿਨੇ ਪ੍ਰਸਾਦ, ਸੁਰਜੀਤ ਸਿੰਘ, ਮਨਮੋਹਨ ਸੀ. ਆਈ. ਟੀ. ਯੂ. ਦੇ ਨਗਿੰਦਰ ਕੁਮਾਰ ਆਫ਼ ਐੱਮ.ਸੀ. ਰੋਡ, ਏ. ਆਈ. ਟੀ. ਯੂ. ਸੀ. ਦੇ ਦੇਵੀ ਦਿਆਲ ਸ਼ਰਮਾ ਅਤੇ ਰੇਹੜੀ ਫੇਰੀ ਦੇ ਰਾਮ ਮਿਲਨ ਗੌੜ ਨੇ ਸਫਲ ਹੜਤਾਲ ਲਈ ਕਰਮਚਾਰੀਆਂ ਅਤੇ ਕਾਮਿਆਂ ਨੂੰ ਵਧਾਈ ਦਿੱਤੀ ਅਤੇ ਕੇਂਦਰ ਸਰਕਾਰ ਅਤੇ ਯੂ.ਟੀ. ਪ੍ਰਸ਼ਾਸਨ ਵਲੋਂ ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰਨ ਦੀ ਸਖ਼ਤ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਹੜਤਾਲ ਸਾਰੇ ਚਾਰ ਲੇਬਰ ਕੋਡਾਂ ਨੂੰ ਰੱਦ ਕਰਨ, ਪੀ.ਐਫ.ਆਰ.ਡੀ.ਏ ਐਕਟ ਨੂੰ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਵਿਰੁੱਧ ਹੈ |
ਕੌਮੀ ਹੜਤਾਲ ਦੇ ਸੱਦੇ ਦੇ ਚਲਦਿਆਂ ਪਾਵਰਕਾਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਲਾਲੜੂ, (ਰਾਜਬੀਰ ਸਿੰਘ)-ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਮੰਡਲ ਦਫ਼ਤਰ ਲਾਲੜੂ ਦੇ ਸਾਹਮਣੇ ਪਾਵਰਕਾਮ ਦੀਆਂ ਮੁਲਾਜ਼ਮ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵਲੋਂ ਸਾਂਝੀ ਰੈਲੀ ਕੀਤੀ ਗਈ | ਇਸ ਦੌਰਾਨ ਜਿੱਥੇ ਬਿਜਲੀ ਬੋਰਡ ਦਾ ਕੰਮਕਾਜ਼ ਮੁਕੰਮਲ ਤੌਰ 'ਤੇ ਠੱਪ ਰਿਹਾ, ਉਥੇ ਹੀ ਬੈਂਕ ਖੁੱਲ੍ਹੇ ਜ਼ਰੂਰ ਰਹੇ, ਪਰ ਉੱਥੇ ਕੋਈ ਕੰਮਕਾਜ਼ ਨਹੀਂ ਹੋਇਆ | ਰੈਲੀ 'ਚ ਕੇਂਦਰ ਸਰਕਾਰ ਵਲੋਂ ਮੁਲਾਜ਼ਮ, ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹੋਏ 4 ਨਵੇਂ ਲੇਬਰ ਕੋਡ ਰੱਦ ਕਰਵਾਉਣ, ਬਿਜਲੀ ਬਿੱਲ-2025, ਬੀਜ ਬਿੱਲ, ਮਨਰੇਗਾ ਦੀ ਥਾਂ ਬਣਾਏ ਗਏ ਨਵੇਂ ਵੀ. ਬੀ. ਜੀ ਰਾਮ ਜੀ ਕਾਨੂੰਨ ਤੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਬਿਜਲੀ ਵਿਭਾਗ ਦੀਆਂ ਕੀਮਤੀ ਜਾਇਦਾਦਾਂ ਵੇਚਣ ਅਤੇ ਹੋਰ ਵੱਖ-ਵੱਖ ਮਸਲਿਆਂ ਸੰਬੰਧੀ ਬੁਲਾਰਿਆਂ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ | ਇਸ ਰੈਲੀ ਨੂੰ ਸੇਵਾ-ਮੁਕਤ ਜੇ. ਈ. ਤੇ ਬਿਜਲੀ ਬੋਰਡ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਸੈਣੀ, ਕਿਸਾਨ ਜਥੇਬੰਦੀ ਲੱਖੋਵਾਲ ਦੇ ਸੂਬਾਈ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ, ਬਲਾਕ ਪ੍ਰਧਾਨ ਰਣਜੀਤ ਸਿੰਘ ਰਾਣਾ, ਜਗਤਾਰ ਸਿੰਘ ਝਾਰਮੜੀ, ਹਰੀ ਸਿੰਘ ਬੋਹੜਾ, ਸੀ. ਪੀ. ਆਈ. (ਐੱਮ) ਮੁਹਾਲੀ ਦੇ ਸਕੱਤਰ ਚੰਦਰਪਾਲ ਅੱਤਰੀ, ਇੰਪਲਾਈਜ ਫੈਡਰੇਸ਼ਨ ਏਟਕ ਦੇ ਪ੍ਰਧਾਨ ਮੋਹਨ ਸਿੰਘ ਰਾਣਾ, ਸੀ. ਐੱਚ. ਬੀ. ਕਾਮਾ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਸਰਸੀਣੀ ਅਤੇ ਟੀ. ਐੱਸ. ਯੂ. ਦੇ ਮੰਡਲ ਪ੍ਰਧਾਨ ਰਾਜੇਸ਼ ਰਾਣਾ ਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਆਦਿ ਵਲੋਂ ਵੀ ਸੰਬੋਧਨ ਕੀਤਾ ਗਿਆ | ਬੁਲਾਰਿਆਂ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਸਰਕਾਰਾਂ ਆਪਣੇ ਅੜੀਅਲ ਰਵੱਈਏ ਤੋਂ ਬਾਜ ਨਾ ਆਈਆਂ ਅਤੇ ਕਿਸਾਨ/ਮੁਲਾਜ਼ਮ ਵਿਰੋਧੀ ਕਾਨੂੰਨ ਵਾਪਸ ਨਾ ਲਏ ਤਾਂ ਹੋਰ ਵੀ ਤਿੱਖੇ ਸੰਘਰਸ਼ ਉਲੀਕੇ ਜਾਣਗੇ | ਇਸ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਲੋਕਾਂ ਦੀ ਖੱਜਲ-ਖੁਆਰੀ ਦੇ ਨਾਲ-ਨਾਲ ਅਮਨ-ਸ਼ਾਂਤੀ ਭੰਗ ਹੋਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ, ਜਿਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ |
ਬਿਜਲੀ ਕਾਮਿਆਂ ਵਲੋਂ ਕਾਰਪੋਰੇਟ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਦੇਸ਼-ਵਿਆਪੀ ਹੜਤਾਲ
ਖਰੜ, (ਜੰਡਪੁਰੀ)-ਕੇਂਦਰੀ ਟਰੇਡ ਜਥੇਬੰਦੀਆਂ ਵਲੋਂ ਸਾਮਰਾਜੀ ਦਿਸ਼ਾ-ਨਿਰਦੇਸ਼ਤ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਦਿੱਤੀ ਗਏ ਦੇਸ਼-ਵਿਆਪੀ ਹੜਤਾਲ ਦੇ ਸੱਦੇ ਦੇ ਚਲਦਿਆਂ ਦੇਸ਼ ਦੇ ਸਮੂਹ ਕਿਰਤੀ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਵਲੋਂ ਇਕ ਰੋਜ਼ਾ ਮੁਕੰਮਲ ਹੜਤਾਲ ਕਰਨ ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਫ਼ਿਰ ਬਿਜਲੀ ਬੋਰਡ ਦੇ ਦਫ਼ਤਰ ਤੋਂ ਲੈ ਕੇ ਐੱਸ. ਡੀ. ਐੱਮ. ਦਫ਼ਤਰ ਤੱਕ ਰੋਸ ਕਰਨ ਉਪਰੰਤ ਐੱਸ. ਡੀ. ਐੱਮ. ਖਰੜ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਹ ਰੋਸ ਪ੍ਰਦਰਸ਼ਨ ਬਿਜਲੀ ਸੋਧ ਬਿੱਲ-2025 ਰੱਦ ਕਰਵਾਉਣ, ਚਾਰ ਲੇਬਰ ਕੋਡ ਰੱਦ ਕਰਵਾਉਣ, ਮਨਰੇਗਾ ਨੂੰ ਬਹਾਲ ਕਰਨ ਤੇ ਬੀਜ ਬਿੱਲ-2025 ਨੂੰ ਰੱਦ ਕਰਵਾਉਣ ਦੀ ਮੰਗ ਲੈ ਕੇ ਕੀਤਾ ਗਿਆ | ਇਸ ਮੌਕੇ ਬਿਜਲੀ ਮੁਲਾਜ਼ਮਾਂ 'ਤੇ ਆਧਾਰਿਤ ਜਥੇਬੰਦੀਆਂ ਦੇ ਆਗੂਆਂ ਦਵਿੰਦਰ ਸਿੰਘ ਸਰਕਲ ਪ੍ਰਧਾਨ, ਗਗਨ ਰਾਣਾ ਸਰਕਲ ਆਗੂ, ਤਰਨਜੀਤ ਸਿੰਘ ਘੜੂੰਆਂ, ਨਵਦੀਪ ਕੌਰ, ਰਣਧੀਰ ਸਿੰਘ, ਗੁਰਦੀਪ ਸਿੰਘ, ਪਾਰੁਲ, ਸੂਬਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਤੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਕਿਸਾਨ ਯੂਨੀਅਨਾਂ ਦੇ ਆਗੂਆਂ ਦਵਿੰਦਰ ਸਿੰਘ ਦੇਹਕਲਾਂ, ਜਸਪਾਲ ਸਿੰਘ ਨਿਆਮੀਆਂ, ਜਰਨੈਲ ਸਿੰਘ ਗੋਸਲਾਂ, ਰਣਧੀਰ ਸਿੰਘ ਕਾਲੇਵਾਲ, ਗੁਰਮੀਤ ਸਿੰਘ ਖੂਨੀਮਾਜਰਾ ਅਤੇ ਰਣਜੀਤ ਸਿੰਘ ਬਜੇੜੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਤੋਂ ਚੱਲ ਰਹੇ ਲੋਕ-ਪੱਖੀ ਕਾਨੂੰਨਾਂ 'ਚ ਵੱਡੇ ਪੱਧਰ 'ਤੇ ਫੇਰ-ਬਦਲ ਕੀਤਾ ਜਾ ਰਿਹਾ ਹੈਅਤੇ ਬਹੁਤ ਸਾਰੇ ਕਾਨੂੰਨਾਂ ਨੂੰ ਮੁੱਢੋਂ ਹੀ ਖ਼ਤਮ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਲੋਕ ਤੇ ਮੁਲਾਜ਼ਮ ਮਾਰੂ ਨੀਤੀਆਂ ਨੂੰ ਤੁਰੰਤ ਵਾਪਸ ਲਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਯੂਨੀਅਨਾਂ ਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਵਲੋਂ ਐੱਸ. ਡੀ. ਐੱਮ. ਖਰੜ ਦੀਵਿਆ ਪੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਐੱਸ. ਡੀ. ਐੱਮ. ਖਰੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੰਗ-ਪੱਤਰ ਨੂੰ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਣਗੇ |
ਜ਼ੀਰਕਪੁਰ ਵਿਖੇ ਟਰੰਪ ਸਮੇਤ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ
ਜ਼ੀਰਕਪੁਰ, (ਹੈਪੀ ਪੰਡਵਾਲਾ)-ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਇਕ ਤੋਂ ਬਾਅਦ ਇਕ ਲੋਕ-ਵਿਰੋਧੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਪਬਲਿਕ ਅਦਾਰਿਆਂ ਦਾ ਨਿੱਜੀਕਰਨ, ਮੁਕਤ ਵਪਾਰ ਸਮਝੌਤਾ, ਬਿਜਲੀ ਐਕਟ-2025, ਸੀਡ ਬਿੱਲ, ਚਾਰ ਲੇਬਰ ਕੋਡ ਅਤੇ ਮਨਰੇਗਾ ਵਰਗੇ ਕਾਨੂੰਨ ਨੂੰ ਰੱਦ ਕਰਨਾ ਆਦਿ ਸ਼ਾਮਿਲ ਹਨ | ਇਨ੍ਹਾਂ ਲੋਕ-ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਪੂਰੇ ਦੇਸ਼ 'ਚ ਟਰੇਡ ਜਥੇਬੰਦੀਆਂ, ਐੱਸ. ਕੇ. ਐੱਮ. ਪੰਜਾਬ, ਮਜ਼ਦੂਰ ਜਥੇਬੰਦੀਆਂ, ਸਨਅਤੀ ਜਥੇਬੰਦੀਆਂ ਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਅੱਜ ਬਿਜਲੀ ਬੋਰਡ ਦੇ ਉਪ ਮੰਡਲ ਜ਼ੀਰਕਪੁਰ ਵਿਖੇ ਧਰਨਾ ਦਿੱਤਾ ਗਿਆ | ਇਸ ਉਪਰੰਤ ਧਰਨਾਕਾਰੀਆਂ ਵਲੋਂ ਪਟਿਆਲਾ ਚੌਕ ਤੱਕ ਪੈਦਲ ਮਾਰਚ ਕੱਢਿਆ ਅਤੇ ਫ਼ਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੁਤਲੇ ਸਾੜੇ ਗਏ | ਹੜਤਾਲ 'ਚ ਪਾਰਵਕਾਮ ਵਲੋਂ ਟੀ. ਐੱਸ. ਯੂ. (ਭੰਗਲ), ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ, ਮੀਟਰ ਰੀਡਰ, ਸਵੀਪਰ ਬਾਲਾ ਅਤੇ ਸੀ. ਐੱਚ. ਬੀ. ਠੇਕਾ ਮੁਲਾਜ਼ਮ ਯੂਨੀਅਨ ਦੇ ਸਮੁੱਚੇ ਕਰਮਚਾਰੀ ਸ਼ਾਮਿਲ ਹੋਏ ਅਤੇ ਇਨ੍ਹਾਂ ਦੇ ਸਮਰਥਨ 'ਚ ਪਾਵਰਕਾਮ ਦੀਆਂ ਜਥੇਬੰਦੀਆਂ, ਪੈਨਸ਼ਨਰਜ਼ ਐਸੋਸੀਏਸ਼ਨ ਤੇ ਪੈਨਸ਼ਨ ਯੂਨੀਅਨ ਏਟਕ ਜ਼ੀਰਕਪੁਰ ਵਲੋਂ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਧਰਨੇ 'ਚ ਸ਼ਮੂਲੀਅਤ ਕੀਤੀ ਗਈ | ਇਸ ਧਰਨੇ ਨੂੰ ਐੱਸ. ਕੇ. ਐੱਮ. ਵਲੋਂ ਰੁਸਤਮ ਸ਼ੇਖ, ਤਰਲੋਚਨ ਸਿੰਘ ਤੇ ਲਖਵਿੰਦਰ ਸਿੰਘ ਕਰਾਲਾ, ਸੀ. ਐੱਚ. ਬੀ. ਠੇਕਾ ਮੁਲਾਜ਼ਮ ਯੂਨੀਅਨ ਵਲੋਂ ਪ੍ਰਧਾਨ ਅਮਨਿੰਦਰ ਸਿੰਘ, ਰੋਹਿਤ ਸ਼ਰਮਾ, ਸੁਖਵਿੰਦਰ ਸਿੰਘ, ਜਗਮੋਹਣ ਸਿੰਘ, ਗੁਰਤੇਜ ਸਿੰਘ ਤੇ ਸਰਕਲ ਸਕੱਤਰ ਏਕਮ ਸਿੱਧੂ ਮੁਹਾਲੀ, ਪੈਨਸ਼ਨਰਜ਼ ਆਗੂ ਰਾਜਿੰਦਰ ਕੁਮਾਰ, ਰੈਗੂਲਰ ਮੁਲਾਜ਼ਮ ਧੀਰਜ, ਮਨਜੀਤ ਸਿੰਘ ਅਤੇ ਮੀਟਰ ਰੀਡਰ ਮਲਕੀਤ ਸਿੰਘ ਆਦਿ ਵਲੋਂ ਸੰਬੋਧਨ ਕੀਤਾ ਗਿਆ | ਅੰਤ 'ਚ ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਕਾਨੂੰਨ ਵਾਪਸ ਨਾ ਲਏ ਗਏ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |
ਲਾਲੜੂ ਦੇ ਨਗਰ ਕੌਂਸਲ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਲਾਲੜੂ, (ਰਾਜਬੀਰ ਸਿੰਘ)-ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼-ਵਿਆਪੀ ਹੜਤਾਲ ਦੇ ਸੱਦੇ ਦੇ ਚਲਦਿਆਂ ਨਗਰ ਪੰਚਾਇਤ ਵਰਕਰ ਯੂਨੀਅਨ (ਏਟਕ) ਵਲੋਂ ਲਾਲੜੂ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ-ਵਿਰੋਧੀ ਨੀਤੀਆਂ ਖ਼ਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ | ਨਗਰ ਕੌਂਸਲ ਦੇ ਗੇਟ 'ਤੇ ਇਕੱਠੇ ਹੋਏ ਸੈਂਕੜੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ-ਵਿਰੋਧੀ ਅਤੇ ਕਿਸਾਨ-ਵਿਰੋਧੀ ਨੀਤੀਆਂ ਖ਼ਿਲਾਫ਼ ਜਮ ਕੇ ਰੋਸ ਪ੍ਰਦਰਸ਼ਨ ਕੀਤਾ | ਇਹ ਰੋਸ ਪ੍ਰਦਰਸ਼ਨ ਯੂਨੀਅਨ ਪ੍ਰਧਾਨ ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸਫ਼ਲਤਾਪੂਰਵਕ ਨੇਪਰੇ ਚੜਿ੍ਹਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਏਟਕ ਦੇ ਉਪ ਪ੍ਰਧਾਨ ਵਿਨੋਦ ਚੁੱਗ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਦੋ ਮੁੱਖ ਥੰਮ੍ਹਾਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਚਾਰ ਲੇਬਰ ਕੋਡ ਲਿਆ ਕੇ ਮਜ਼ਦੂਰਾਂ ਦੇ ਹੱਕ ਮਾਰ ਰਹੀ ਹੈ ਅਤੇ ਬੀਜ ਬਿੱਲ ਵਰਗੇ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਦੀ ਹੋਂਦ 'ਤੇ ਹਮਲਾ ਕਰ ਰਹੀ ਹੈ | ਇਸ ਮੌਕੇ ਯੂਨੀਅਨ ਪ੍ਰਧਾਨ ਰਾਜੇਸ਼ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਸੰਘਰਸ਼ ਹਰ ਉਸ ਵਿਅਕਤੀ ਦਾ ਸੰਘਰਸ਼ ਹੈ, ਜਿਸ ਨੂੰ ਸਰਕਾਰ ਦਬਾਉਣਾ ਚਾਹੁੰਦੀ ਹੈ | ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ 'ਤੇ ਤਸ਼ੱਦਦ ਬੰਦ ਕੀਤਾ ਜਾਵੇ, ਵਿਵਾਦਤ 'ਬੀਜ ਬਿੱਲ' ਵਾਪਸ ਲਿਆ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਚਾਰ ਲੇਬਰ ਕੋਡ ਰੱਦ ਨਹੀਂ ਹੁੰਦੇ ਅਤੇ ਕਿਸਾਨਾਂ ਨੂੰ ਐੱਮ. ਐੱਸ. ਪੀ. ਦੀ ਕਾਨੂੰਨੀ ਗਰੰਟੀ ਨਹੀਂ ਮਿਲਦੀ, ਉਦੋਂ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਯੂਨੀਅਨ ਆਗੂ ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਸੰਜੀਵ ਕੁਮਾਰ ਤੇ ਕਮਲ ਕੁਮਾਰ ਸਮੇਤ ਵੱਡੀ ਗਿਣਤੀ 'ਚ ਕਰਮਚਾਰੀ ਹਾਜ਼ਰ ਸਨ | ਆਗੂਆਂ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |

ਪਿਛਲੀ ਖ਼ਬਰ ਧਨਾਸ ਵਿਚ 16 ਸਾਲਾ ਨਾਬਾਲਗ 'ਤੇ ਹਮਲਾ, ਮਾਮਲਾ ਦਰਜ ਅਗਲੀ ਖ਼ਬਰ ਯੂ. ਜੀ. ਸੀ. ਨੈੱਟ ਪ੍ਰੀਖਿਆ ਆਲ ਇੰਡੀਆ 'ਚੋਂ ਦੀਕਸ਼ਾ ਮੱਕੜ ਨੇ ਪਹਿਲਾ ਰੈਂਕ ਕੀਤਾ ਪ੍ਰਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।