ਡੇਰਾਬੱਸੀ, 12 ਫਰਵਰੀ (ਗੁਰਮੀਤ ਸਿੰਘ)-ਪਿੰਡ ਸਮਗੌਲੀ ਤੋਂ ਡੌਂਕੀ ਲਗਾ ਕੇ ਅਮਰੀਕਾ ਜਾ ਰਹੇ 28 ਸਾਲਾ ਹਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਸਤੰਬਰ ਮਹੀਨੇ 'ਚ ਮੈਕਸੀਕੋ ਵਿਖੇ ਮੌਤ ਹੋ ਗਈ ਸੀ ਤੇ ਉਦੋਂ ਤੋਂ ਹੀ ਉਸ ਦੀ ਲਾਸ਼ ਮੈਕਸੀਕੋ 'ਚ ਫਸੀ ਹੋਈ ਸੀ, ਜੋ ਕਿ ਅੱਜ ਸ਼ੁੱਕਰਵਾਰ ਨੂੰ ਇਥੇ ਪਹੁੰਚ ਜਾਵੇਗੀ | ਪਰਿਵਾਰ ਨੂੰ ਆਪਣੇ ਪੁੱਤਰ ਦੀ ਮਿ੍ਤਕ ਦੇਹ ਲਿਆਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪਰਿਵਾਰ ਦਾ ਦੋਸ਼ ਹੈ ਕਿ ਹਰਦੀਪ ਦੇ ਨੇਪਾਲ ਦੇ ਜਾਅਲੀ ਦਸਤਾਵੇਜ਼ ਬਣਵਾ ਕੇ ਉਸ ਨੂੰ ਮੈਕਸੀਕੋ ਭੇਜਿਆ ਗਿਆ ਸੀ, ਉਥੇ ਉਸ ਦੀ ਮੌਤ ਹੋਣ 'ਤੇ ਲਾਸ਼ ਭਾਰਤ ਵਾਪਸ ਲਿਆਉਣ 'ਚ ਭਾਰੀ ਪ੍ਰੇਸ਼ਾਨੀ ਆਈ | ਮਿ੍ਤਕ ਭਾਰਤ ਦਾ ਰਹਿਣ ਵਾਲਾ ਸੀ, ਜਦਕਿ ਉਸ ਦੇ ਦਸਤਾਵੇਜ਼ ਨੇਪਾਲ ਦੇ ਬਣੇ ਹੋਣ ਕਰਕੇ ਇਹ ਦਿੱਕਤ ਆ ਰਹੀ ਸੀ, ਜਿਸ ਕਰਕੇ ਲਾਸ਼ ਨੂੰ ਆਉਣ 'ਚ ਇੰਨਾ ਸਮਾਂ ਲੱਗ ਗਿਆ | ਡੇਰਾਬੱਸੀ ਦੇ ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਇਸ ਮਾਮਲੇ 'ਚ ਮਿ੍ਤਕ ਨੇ ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ, ਜਿਸ ਵਿਚ ਦੋ ਏਜੰਟਾਂ ਨੂੰ ਜ਼ਿੰਮੇਦਾਰ ਦੱਸਿਆ ਸੀ | ਪੁਲਿਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ | ਥਾਣਾ ਮੁਖੀ ਮੁਤਾਬਿਕ ਮਿ੍ਤਕ ਦੇ ਨੇਪਾਲ ਦੇ ਦਸਤਾਵੇਜ਼ ਹੋਣ ਕਰਕੇ ਲਾਸ਼ ਭਾਰਤ ਨਹੀਂ ਆ ਰਹੀ ਸੀ ਅਤੇ ਇਸ ਦੇ ਚਲਦਿਆਂ ਅੰਬੈਂਸੀ ਨਾਲ ਤਾਲਮੇਲ ਕਰਕੇ ਪਹਿਲਾ ਭਾਰਤ ਤੋਂ ਉਸ ਦੇ ਫਿੰਗਰ ਪਿ੍ੰਟ ਭੇਜ ਕੇ ਵੈਰੀਫਾਈ ਕਰਵਾਏ ਗਏ | ਇਸ ਮਗਰੋਂ ਨੇਪਾਲ ਤੋਂ ਉਸ ਦੇ ਦਸਤਾਵੇਜ਼ ਦੀ ਜਾਂਚ ਕਰਵਾਈ ਗਈ, ਜਿਥੋਂ ਪਤਾ ਚੱਲਿਆ ਕਿ ਉਹ ਨੇਪਾਲ ਦਾ ਵਸਨੀਕ ਨਹੀਂ ਸੀ | ਇਸ ਮਗਰੋਂ ਕਾਗਜੀ ਕਰਵਾਈ ਪੂਰੀ ਕਰਕੇ ਹਰਦੀਪ ਦੀ ਲਾਸ਼ ਭਾਰਤ ਲਿਆਉਣ ਦਾ ਰਾਹ ਪੱਧਰਾ ਹੋ ਗਿਆ | ਦੱਸਣਯੋਗ ਹੈ ਕਿ ਪਿੰਡ ਸਮਗੌਲੀ ਦੇ ਇਕ ਨੌਜਵਾਨ ਨੂੰ ਅਮਰੀਕਾ ਜਾਣ ਦਾ ਸੁਪਨਾ ਬਹੁਤ ਮਹਿੰਗਾ ਪੈ ਗਿਆ | ਕਰੀਬ 37 ਲੱਖ ਰੁ. ਲਗਾ ਕੇ 'ਡੌਂਕੀ ਰੂਟ' ਰਾਹੀਂ ਅਮਰੀਕਾ ਜਾ ਰਹੇ ਇਸ ਨੌਜਵਾਨ ਦੀ ਮੈਕਸੀਕੋ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਮਿ੍ਤਕ ਹਰਦੀਪ ਇਥੇ ਆਪਣੇ ਭਰਾ ਨਾਲ ਮੈਡੀਕਲ ਸਟੋਰ ਚਲਾਉਂਦਾ ਸੀ | ਮਿ੍ਤਕ ਦੇ ਭਰਾ ਮਲਕੀਤ ਸਿੰਘ ਮੁਤਾਬਿਕ ਉਸ ਦਾ ਭਰਾ ਹਰਦੀਪ ਸਿੰਘ ਜੁਲਾਈ 2024 'ਚ ਪਿੰਡ ਤੋਂ ਅਮਰੀਕਾ ਲਈ ਗਿਆ ਸੀ ਅਤੇ ਏਜੰਟਾਂ ਨੇ ਉਸ ਨੂੰ ਡੌਂਕੀ ਰੂਟ ਰਾਹੀਂ ਪਹਿਲਾਂ 33 ਲੱਖ ਰੁ. ਲੈ ਕੇ ਅਮਰੀਕਾ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ | ਦੱਸਣਯੋਗ ਹੈ ਕਿ ਮੈਕਸੀਕੋ ਪਹੁੰਚਣ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਇਕ ਕਮਰੇ 'ਚ ਭੁੱਖਾ ਅਤੇ ਪਿਆਸਾ ਰੱਖਿਆ | ਏਜੰਟਾਂ ਨੇ ਉਸ ਦੇ ਮਿ੍ਤਕ ਭਰਾ ਹਰਦੀਪ ਸਿੰਘ ਨੂੰ ਕੋਈ ਪੈਸਾ ਨਹੀਂ ਭੇਜਿਆ, ਇਸ ਲਈ ਪਰਿਵਾਰ ਨੂੰ ਹੋਰ 4 ਲੱਖ ਰੁ. ਭੇਜਣੇ ਪਏ | ਉਹ 1 ਸਾਲ ਤੱਕ ਮੈਕਸੀਕੋ 'ਚ ਫਸਿਆ ਰਿਹਾ, ਜਿਥੇ ਕਿ ਹਰਦੀਪ ਦੀ ਮੌਤ ਹੋ ਗਈ ਸੀ | ਮਿ੍ਤਕ ਦੇ ਭਰਾ ਮਲਕੀਤ ਦੇ ਬਿਆਨਾਂ 'ਤੇ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਸੈਣੀ ਖ਼ਿਲਾਫ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ 'ਚੋਂ ਨਿਤਿਨ ਸੈਣੀ ਨੂੰ ਅੱਜ ਪੁਲਿਸ ਨੇ ਕਾਬੂ ਕਰ ਲਿਆ ਹੈ |