14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਡੇਰਾਬੱਸੀ-ਬਰਵਾਲਾ ਰੋਡ 'ਤੇ ਚੱਲਦੀਆਂ ਓਵਰਲੋਡ ਜੁਗਾੜੂ ਰੇਹੜੀਆਂ ਲੋਕਾਂ ਲਈ ਬਣ ਰਹੀਆਂ ਜਾਨਲੇਵਾ ਖ਼ਤਰਾ <br/>

ਅਜੀਤ ਡੈਸਕ 10-05-2026
ਡੇਰਾਬੱਸੀ, 9 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਤੋਂ ਬਰਵਾਲਾ ਨੂੰ ਜਾਣ ਵਾਲੀ ਮੁੱਖ ਸੜਕ 'ਤੇ ਚੱਲਣ ਵਾਲੀਆਂ ਜੁਗਾੜੂ ਮੋਟਰ ਰੇਹੜੀਆਂ ਲੋਕਾਂ ਦੀ ਜਾਨ ਲਈ ਵੱਡਾ ਖਤਰਾ ਬਣਦੀਆਂ ਜਾ ਰਹੀਆਂ ਹਨ | ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਤਾਜ਼ਾ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਨ੍ਹਾਂ ਤਿੰਨ ਪਹੀਆ ਰੇਹੜੀਆਂ 'ਤੇ ਸਮਰੱਥਾ ਤੋਂ ਕਈ ਗੁਣਾ ਜ਼ਿਆਦਾ ਮਾਲ ਲੱਦਿਆ ਹੋਇਆ ਹੈ | ਇਹ ਓਵਰਲੋਡ ਸਾਮਾਨ ਨਾ ਸਿਰਫ਼ ਚਾਲਕ ਲਈ, ਸਗੋਂ ਸੜਕ 'ਤੇ ਚੱਲਣ ਵਾਲੇ ਹੋਰ ਰਾਹਗੀਰਾਂ ਲਈ ਵੀ ਮੌਤ ਦਾ ਸੱਦਾ ਬਣ ਰਿਹਾ ਹੈ | ਸੜਕ 'ਤੇ ਚੱਲਦੀਆਂ ਇਹ ਰੇਹੜੀਆਂ ਕਿਸੇ ਵੀ ਸਮੇਂ ਸੰਤੁਲਨ ਵਿਗੜਨ ਕਾਰਨ ਪਲਟ ਸਕਦੀਆਂ ਹਨ | ਤਸਵੀਰ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਾਮਾਨ ਇੰਨੀ ਵੱਡੀ ਮਾਤਰਾ ਵਿਚ ਲੱਦਿਆ ਹੋਇਆ ਹੈ ਕਿ ਰੇਹੜੀ ਦਾ ਆਪਣਾ ਵਜੂਦ ਹੀ ਖ਼ਤਮ ਹੋ ਗਿਆ ਜਾਪਦਾ ਹੈ | ਅਜਿਹੀ ਹਾਲਤ ਵਿੱਚ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ | ਲੋਕ ਇਹ ਸਵਾਲ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਡੇਰਾਬੱਸੀ ਖੇਤਰ 'ਚ ਪਹਿਲਾਂ ਵੀ ਇਨ੍ਹਾਂ ਜੁਗਾੜੂ ਰੇਹੜੀਆਂ ਕਾਰਨ ਕਈ ਛੋਟੇ-ਵੱਡੇ ਹਾਦਸੇ ਵਾਪਰ ਚੁੱਕੇ ਹਨ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਜੁਗਾੜੂ ਰੇਹੜੀਆਂ 'ਤੇ ਸਮਰੱਥਾ ਨਾਲੋਂ ਕਈ ਗੁਣਾ ਵੱਧ ਭਾਰ ਲੱਦਿਆ ਜਾਂਦਾ ਹੈ ਅਤੇ ਇਹ ਰੇਹੜੀ ਚਾਲਕ ਸੜਕ ਦੇ ਵਿਚਕਾਰ ਬੜੀ ਬੇਖੌਫ਼ੀ ਨਾਲ ਚੱਲਦੇ ਹਨ, ਜਿਸ ਕਾਰਨ ਪਿੱਛੇ ਆ ਰਹੀਆਂ ਗੱਡੀਆਂ ਨੂੰ ਨਿਕਲਣ 'ਚ ਭਾਰੀ ਮੁਸ਼ਕਿਲ ਹੁੰਦੀ ਹੈ ਅਤੇ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ |
ਪ੍ਰਸ਼ਾਸਨ ਦੀ ਚੁੱਪੀ 'ਤੇ ਉੱਠ ਰਹੇ ਸਵਾਲ
ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਪੱਧਰ 'ਤੇ ਹੋ ਰਹੀ ਨਿਯਮਾਂ ਦੀ ਉਲੰਘਣਾ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਦੀਆਂ ਨਜ਼ਰਾਂ ਤੋਂ ਦੂਰ ਨਹੀਂ ਹੈ | ਇਸ ਦੇ ਬਾਵਜੂਦ ਇਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ | ਸਥਾਨਕ ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਨ੍ਹਾਂ ਜੁਗਾੜੂ ਰੇਹੜੀਆਂ ਦੀ ਓਵਰਲੋਡਿੰਗ 'ਤੇ ਤੁਰੰਤ ਰੋਕ ਲਗਾਈ ਜਾਵੇ |ਉਨ੍ਹਾਂ ਕਿਹਾ ਕਿ ਕਿਸੇ ਵੱਡੇ ਜਾਨੀ ਨੁਕਸਾਨ ਦਾ ਇੰਤਜ਼ਾਰ ਕਰਨ ਦੀ ਬਜਾਏ ਸਮੇਂ ਰਹਿੰਦੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਲੋਕ ਸੜਕ 'ਤੇ ਸੁਰੱਖਿਅਤ ਮਹਿਸੂਸ ਕਰ ਸਕਣ |

ਪਿਛਲੀ ਖ਼ਬਰ ਪੰਚਕੂਲਾ 'ਚ ਬਰਫ਼ ਦੀ ਸਿੱਲ੍ਹੀ 'ਤੇ ਪਿਸ਼ਾਬ ਕਰਨ ਦੇ ਦੋਸ਼ਾਂ ਕਾਰਨ ਹੋਇਆ ਹੰਗਾਮਾ <br/> ਅਗਲੀ ਖ਼ਬਰ ਏ. ਡੀ. ਸੀ. (ਜ) ਗੀਤਿਕਾ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਨੇ ਮਰਦਮਸ਼ੁਮਾਰੀ ਲਈ ਕੀਤੀ ਸਵੈ-ਗਣਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।