ਚੰਡੀਗੜ੍ਹ, 20 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰਸ਼ਾਸਨ ਵਲੋਂ ਔਰਤਾਂ ਅਤੇ ਵਾਤਾਵਰਨ ’ਤੇ ‘ਸ਼ਕਤੀ ਤੇ ਸ੍ਰਿਸ਼ਟੀ’ ਸਿਰਲੇਖ ਅਧੀਨ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਰਾਸ਼ਟਰੀ ਸੇਵਿਕਾ ਵੀ. ਸ਼ਾਂਤਾ ਕੁਮਾਰੀ ਨੂੰ ਮੁੱਖ ਮਹਿਮਾਨ ਅਤੇ ਦੁਰਗਾ ਵਾਹਿਨੀ ਦੀ ਸੰਸਥਾਪਕ ਸਾਧਵੀ ਰਿਤੰਭਰਾ ਨੂੰ ਮੁੱਖ ਬੁਲਾਰੇ ਵਜੋਂ ਸੱਦਾ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਣ ’ਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਵਿਰੋਧ ਵੱਧਦਾ ਦੇਖ ਪ੍ਰਸ਼ਾਸਨ ਨੇ ਪੁਲਿਸ ਨੂੰ ਦਖ਼ਲ ਦੇਣ ਲਈ ਬੁਲਾਇਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਆਡੀਟੋਰੀਅਮ ਦੇ ਬਾਹਰ ਹੀ ਰੋਕਿਆ ਗਿਆ। ਇਸੇ ਕਾਰਨ ਪੁਲਿਸ ਅਤੇ ਵਿਦਿਆਰਥੀਆਂ ਵਿਚ ਝੜਪ ਦੇਖੀ ਗਈ। ਪੁਲਿਸ ਨੇ ਕਈ ਵਿਦਿਆਰਥੀ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਸੈਕਟਰ 24 ਪੁਲਿਸ ਸਟੇਸ਼ਨ ਭੇਜ ਦਿੱਤਾ ਗਿਆ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਚ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਅਤੇ ਸਟੂਡੈਂਟਸ ਫ਼ਾਰ ਸੋਸਾਇਟੀ ਦੇ ਆਗੂ ਅਤੇ ਕਾਰਕੁਨ ਸ਼ਾਮਲ ਸਨ। ਜੋਬਨ, ਸਾਰਾ ਸ਼ਰਮਾ ਅਤੇ ਸੰਦੀਪ ਸਮੇਤ ਇਨ੍ਹਾਂ ਸੰਗਠਨਾਂ ਦੇ ਆਗੂਆਂ ਨੂੰ ਸਮਾਗਮ ਦੌਰਾਨ ਹਿਰਾਸਤ ਵਿਚ ਲਿਆ ਗਿਆ ਅਤੇ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ। ਬਾਕੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਦੇ ਅੰਦਰ ਇੱਧਰ-ਉਧਰ ਭਜਾ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਪੀ.ਯੂ ਪ੍ਰਸ਼ਾਸਨ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਆਰ.ਐੱਸ.ਐੱਸ ਆਗੂ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ, ਪਰ ਇਸ ਦੇ ਬਾਵਜੂਦ ਆਗੂਆਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਜਦੋਂ ਵਿਦਿਆਰਥੀਆ ਵਲੋਂ ਇਸ ਦਾ ਸ਼ਾਂਤੀਪੂਰਨ ਵਿਰੋਧ ਕੀਤਾ ਤਾਂ ਪੁਲਿਸ ਨੇ ਉਨ੍ਹਾਂ ’ਤੇ ਹਮਲਾ ਕਰ ਕੇ ਚੁੱਕ ਕੇ ਲੈ ਗਏ।