04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਿੰਡ ਸਮਾਓਂ ’ਚ 25ਵਾਂ ਰਵਾਇਤੀ ਤੀਆਂ ਦਾ ਮੇਲਾ ਧੂਮ-ਧਾਮ ਨਾਲ ਸ਼ੁਰੂ­

ਮਾਨਸਾ/ਭੀਖੀ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਬਲਕਾਰ ਸਿੰਘ ਸਹੋਤਾ)- ਜ਼ਿਲੇ੍ਹ ਦੇ ਪਿੰਡ ਸਮਾਓਂ ਵਿਖੇ ਬਾਬਾ ਸ੍ਰੀ ਚੰਦ ਸਭਿਆਚਾਰਕ ਤੇ ਵੈੱਲਫੇਅਰ ਟਰੱਸਟ ਵਲੋਂ ਅੰਤਰਰਾਸ਼ਟਰੀ ਗਿੱਧਾ ਕੋਚ ਬਾਬਾ ਪਾਲ ਸਿੰਘ ਸਮਾਓਂ ਦੀ ਅਗਵਾਈ ਹੇਠ 25ਵਾਂ ਰਿਵਾਇਤੀ ਤੀਆਂ ਦਾ ਮੇਲਾ ਧੂਮ-ਧਾਮ ਸ਼ੁਰੂ ਹੋ ਗਿਆ। ਆਗਾਜ਼ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਹੱਥਾਂ ’ਤੇ ਮਹਿੰਦੀ ਲਗਾ ਕੇ ਕੀਤਾ ਗਿਆ।

ਸਮਾਓਂ ਵਿਖੇ ਤੀਆਂ ਦੇ ਮੇਲੇ ਦੌਰਾਨ ਧੀਆਂ ਨੂੰ ਸੰਧਾਰਿਆਂ ਨਾਲ ਸਨਮਾਨਿਤ ਕਰਦੇ ਹੋਏ ਡਾ. ਕਮਲਜੀਤ ਕੌਰ, ਚਰਨ ਕੌਰ ਸਿੱਧੂ, ਡਾ. ਪ੍ਰਭਸ਼ਰਨ ਕੌਰ ਤੇ ਪਾਲ ਸਿੰਘ ਸਮਾਓਂ। ਤਸਵੀਰ : ਬਲਕਾਰ ਸਿੰਘ ਸਹੋਤਾ 04-08-2026
ਮਾਨਸਾ/ਭੀਖੀ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਬਲਕਾਰ ਸਿੰਘ ਸਹੋਤਾ)- ਜ਼ਿਲੇ੍ਹ ਦੇ ਪਿੰਡ ਸਮਾਓਂ ਵਿਖੇ ਬਾਬਾ ਸ੍ਰੀ ਚੰਦ ਸਭਿਆਚਾਰਕ ਤੇ ਵੈੱਲਫੇਅਰ ਟਰੱਸਟ ਵਲੋਂ ਅੰਤਰਰਾਸ਼ਟਰੀ ਗਿੱਧਾ ਕੋਚ ਬਾਬਾ ਪਾਲ ਸਿੰਘ ਸਮਾਓਂ ਦੀ ਅਗਵਾਈ ਹੇਠ 25ਵਾਂ ਰਿਵਾਇਤੀ ਤੀਆਂ ਦਾ ਮੇਲਾ ਧੂਮ-ਧਾਮ ਸ਼ੁਰੂ ਹੋ ਗਿਆ। ਆਗਾਜ਼ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਹੱਥਾਂ ’ਤੇ ਮਹਿੰਦੀ ਲਗਾ ਕੇ ਕੀਤਾ ਗਿਆ। ਇਹ ਮੇਲਾ ਲਗਾਤਾਰ 15 ਦਿਨ ਚੱਲੇਗਾ। ਇਸ ਮੌਕੇ 51 ਧੀਆਂ ਨੂੰ ਸੰਧਾਰਾ ਦੇ ਕੇ ਸਨਮਾਨਿਤ ਕੀਤਾ। ਗਿੱਧਿਆਂ ਦੀ ਬੇਬੇ ਵਜੋਂ ਜਾਣੇ ਜਾਂਦੇ ਡਾ. ਪ੍ਰਭਸ਼ਰਨ ਕੌਰ ਸਿੱਧੂ ਨੇ ਕਿਹਾ ਕਿ ਪਾਲ ਸਿੰਘ ਨੇ ਸਾਧਾਰਨ ਪੱਧਰ ਤੋਂ ਤੀਆਂ ਦਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ ਸੀ ਜੋ ਅੱਜ ਵਿਸ਼ਵ ਪੱਧਰ ’ਤੇ ਚਰਚਾ ’ਚ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪ੍ਰੇਰਿਤ ਹੋ ਕੇ ਅਨੇਕਾਂ ਥਾਵਾਂ ’ਤੇ ਜਿੱਥੇ ਤੀਆਂ ਦਾ ਰਵਾਇਤੀ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਉੱਥੇ ਪੰਜਾਬੀ ਵਿਰਸੇ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਹੋਰ ਕਲਾਕਾਰ ਵੀ ਕਾਰਜਸ਼ੀਲ ਹਨ। ਸਮਾਓਂ ਨੇ ਕਿਹਾ ਕਿ 25 ਵਰ੍ਹੇ ਪਹਿਲਾਂ ਇਹ ਸਮਾਗਮ ਪਿੰਡ ਦੀਆਂ ਕੁਝ ਧੀਆਂ ਨੂੰ ਲੈ ਕੇ ਸ਼ੁਰੂ ਕੀਤਾ ਸੀ ਪਰ ਹੁਣ ਇਸ ਦੀ ਵਿਸ਼ਵ ਪੱਧਰ ’ਤੇ ਪਹਿਚਾਣ ਬਣੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾ. ਕਮਲਜੀਤ ਕੌਰ ਚੰਨੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾ ਦਾ ਰੁਤਬਾ ਇਸ ਮੁਕਾਮ ’ਤੇ ਪਹੁੰਚ ਗਿਆ ਹੈ ਕਿ ਸਤਲੁਜ ਫ਼ਿਲਮ ਨੇ ਜਿੱਥੇ ਹਕੂਮਤਾਂ ਨੂੰ ਝੰਜੋੜਿਆਂ ਹੈ ਉੱਥੇ ਆਮ ਆਦਮੀ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਤਾਕਤ ਦਿੱਤੀ ਹੈ। ਉਨ੍ਹਾਂ ਸਮਾਓਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਓਂ ਦੀਆਂ ਤੀਆਂ ਦੇਸ਼-ਵਿਦੇਸ਼ ’ਚ ਚਰਚਾ ਵਿਚ ਹਨ, ਦੀ ਪ੍ਰੇਰਨਾ ਸਦਕਾ ਹੀ ਰਵਾਇਤੀ ਤਿਉਹਾਰ ਮਨਾ ਕੇ ਧੀਆਂ ਧਿਆਣੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਮੌਕੇ ਫ਼ਿਲਮੀ ਅਦਾਕਾਰਾ ਅਮਰ ਨੂਰੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਡਾ. ਹਰਿੰਦਰ ਹੁੰਦਲ, ਬੀਬੀ ਰੀਮਾ, ਸਰਬਜੀਤ ਕੌਰ ਮਾਂਗਟ ਤੋਂ ਇਲਾਵਾ ਕਮਲਜੀਤ ਕੌਰ ਟਾਂਡੀਆਂ, ਪ੍ਰਨੀਤ ਕੌਰ ਸਮਾਓਂ, ਹਰਮਨ ਕੌਰ ਧਾਲੀਵਾਲ, ਰੁਪਿੰਦਰ ਕੌਰ, ਅਮਨਦੀਪ ਕੌਰ ਮੱਲ ਸਿੰਘ ਵਾਲਾ, ਮਨਿੰਦਰ ਕੌਰ ਨੇਹਾ ਜਵਾਹਰਕੇ, ਲੱਕੀ ਘਰਾਂਚੋਂ, ਬਿੱਲਾ ਘਰਾਂਚੋਂ, ਗੋਗੀ ਈਲਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੰਗ ਦਾਨ ਪ੍ਰਤੀ ਸੰਕਲਪ ਲਿਆ ਅਗਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਮੀਟਿੰਗ ਦੌਰਾਨ ਭਖਦੇ ਕਿਸਾਨੀ ਮੁੱਦਿਆਂ ’ਤੇ ਵਿਚਾਰ ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।