ਰੂਪਨਗਰ, 19 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਸੜਕਾਂ 'ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ ਜਦਕਿ ਸੜਕਾਂ 'ਤੇ ਦੁਰਘਟਨਾਵਾਂ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ | ਇਸ ਲਈ ਸੜਕੀ ਸੁਰੱਖਿਆ ਇਕ ਅਹਿਮ ਮੁੱਦਾ ਹੈ ਅਤੇ ਸਾਨੂੰ ਸਭ ਨੂੰ ਇਸ ਸਬੰਧੀ ਸੁਚੇਤ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਸੜਕਾਂ 'ਤੇ ਜ਼ੈਬਰਾ ਕ੍ਰਾਸਿੰਗ ਵੀ ਬਣਾਈ ਜਾਵੇ | ਅਦਿੱਤਿਆ ਡੇਚਲਵਾਲ ਨੇ ਹਦਾਇਤ ਕੀਤੀ ਕਿ ਸੜਕ ਕੰਢੇ ਅਣਚਾਹੇ ਬਨਸਪਤੀ ਵਾਧੇ ਦੀ ਸਫ਼ਾਈ ਕਰਵਾਉਣੀ ਯਕੀਨੀ ਬਣਾਈ ਜਾਵੇ | ਸਕੂਲੀ ਬੱਸਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ ਤੇ ਐਕਟ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦਾ ਚਲਾਨ ਕੀਤਾ ਜਾਵੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਬਲੈਕ ਸਪੋਟ ਏਰੀਏ 'ਚ ਰਿਫ਼ਲੈਕਟਰ ਲਗਾਏ ਜਾਣ | ਹੋਰ ਲੋੜੀਂਦੇ ਉਪਰਾਲੇ ਕੀਤੇ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਾਅ ਕੀਤਾ ਜਾ ਸਕੇ | ਉਨ੍ਹਾਂ ਸੜਕਾਂ ਦੇ ਆਵਾਜਾਈ ਨਿਯਮਾਂ ਅਤੇ ਸਕੂਲਾਂ ਦੇ ਆਸ-ਪਾਸ ਸਾਈਨ ਬੋਰਡ ਲਗਾਉਣ ਲਈ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ | ਇਸ ਤੋਂ ਇਲਾਵਾ ਮੀਟਿੰਗ ਦੌਰਾਨ ਸੜਕਾਂ 'ਤੇ ਝੁਕੇ ਹੋਏ ਦਰੱਖਤਾਂ ਨੂੰ ਛਾਂਗਣ, ਟਰੈਫ਼ਿਕ ਲਾਈਟਾਂ, ਸਪੀਡ ਬ੍ਰੇਕਰ ਆਦਿ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਸੜਕੀ ਹਾਦਸਿਆਂ ਲਈ ਜ਼ਿੰਮੇਵਾਰ ਕਾਰਨਾਂ ਨੂੰ ਦੂਰ ਕਰਨ ਤੇ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ | ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਅਵਿਕੇਸ਼ ਗੁਪਤਾ, ਮੁੱਖ ਮੰਤਰੀ ਫੀਲਡ ਅਫ਼ਸਰ ਅਭਿਮੰਨਿਊ ਮਲਿਕ, ਆਰ.ਟੀ.ਓ. ਅਰਸ਼ਦੀਪ ਸਿੰਘ ਲੁਬਾਣਾ, ਐਸ.ਡੀ.ਐਮ. ਰੂਪਨਗਰ ਬਲਜਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਮੋਰਿੰਡਾ ਗੁਰਦੇਵ ਸਿੰਘ ਧੰਮ, ਐਸ.ਡੀ.ਐਮ. ਨੰਗਲ ਸਚਿਨ ਪਾਠਕ ਸਮੇਤ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ |