ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਸਵਰਾਜ ਮਾਜਦਾ ਕੰਟ੍ਰੈਕਟ ਡਰਾਈਵਰ ਵਰਕਰ ਯੂਨੀਅਨ (ਸੀਟੂ) ਆਸਰੋਂ ਵਲੋਂ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੰਪਨੀ ਨੂੰ ਦਿੱਤੇ ਮੰਗ ਪੱਤਰ ਤੇ ਦਰਜ ਮੰਗਾਂ ਲਈ ਸਵਰਾਜ ਮਾਜਦਾ ਮੈਨੇਜਮੈਂਟ ਦੇ ਮਾੜੇ ਵਤੀਰੇ ਖ਼ਿਲਾਫ਼ ਰੋਸ ਧਰਨਾ ਅਤੇ ਰੈਲੀ ਕੀਤੀ ਗਈ | ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪ੍ਰਤੀ ਕਿੱਲੋਮੀਟਰ ਕਿਰਾਇਆ 3 ਰੁਪਏ 50 ਪੈਸੇ ਦਿੱਤਾ ਜਾਵੇ | ਡਰਾਇਵਰ ਨੂੰ ਵਾਪਿਸ ਆਉਣ ਦਾ ਕਿਰਾਇਆ ਅਤੇ ਮਹਿੰਗਾਈ ਦੇ ਹਿਸਾਬ ਨਾਲ ਕਿਰਾਇਆ ਅਤੇ ਰੋਟੀ ਖਰਚਾ ਦਿੱਤਾ ਜਾਵੇ, ਡਿਊਟੀ ਦੋਰਾਨ ਦੁਰਘਟਨਾ ਹੋਣ ਤੇ ਡਰਾਇਵਰ ਦੇ ਪਰਿਵਾਰ ਨੂੰ 1,00,000 ਰੁਪਏ ਮੁਆਵਜਾ ਦਿੱਤਾ ਜਾਵੇ | ਕੰਮ ਨਾਲ ਮਿਲਣ ਦੀ ਸੂਰਤ ਵਿਚ ਅਤੇ ਗੱਡੀ ਜਮ੍ਹਾਂ ਕਰਾਉਣ ਸਮੇ ਪੂਰੀ ਦਿਹਾੜੀ ਦਿੱਤੀ ਜਾਵੇ | ਹਰ ਡਰਾਈਵਰ ਦਾ ਬੀਮਾ ਕੀਤਾ ਜਾਵੇ | ਈ.ਪੀ.ਐਫ ਅਤੇ ਈ.ਐਸ.ਆਈ.ਸੀ ਸਾਰੇ ਡਰਾਈਵਰਾਂ ਤੇ ਲਾਗੂ ਕੀਤਾ ਜਾਵੇ | ਠੇਕੇਦਾਰ ਸਿਸਟਮ ਬੰਦ ਕਰਕੇ ਡਰਾਇਵਰਾਂ ਦੀ ਭਰਤੀ ਸਿੱਧੀ ਕੀਤੀ ਜਾਵੇ | ਘੱਟੋ ਘੱਟ ਉਜਰਤ ਬਾਰੇ ਕੀਤੇ ਨੋਟੀਫਿਕੇਸ਼ਨ ਵਿਚ ਸੋਧ ਕਰਕੇ 26,000 ਰੁਪਏ ਪ੍ਰਤੀ ਮਹੀਨਾ ਘੱਟੋ ਘੱਟ ਉਜਰਤ ਦਿੱਤੀ ਜਾਵੇ | ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਆਦਿ ਮੰਗਾਂ ਨੂੰ ਲਾਗੂ ਕੀਤਾ ਜਾਵੇ | ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਜਨਰਲ ਸਕੱਤਰ ਮਹਾਂ ਸਿੰਘ ਰੋੜੀ, ਮੀਤ ਪ੍ਰਧਾਨ ਗੁਰਦੇਵ ਸਿੰਘ ਬਾਗੀ, ਵਰਕਰ ਯੂਨੀਅਨ ਦੇ ਪ੍ਰਧਾਨ ਪਰਵਿੰਦਰ ਸੈਣੀ ਅਤੇ ਜਨਰਲ ਸਕੱਤਰ ਸਿਵ ਕੁਮਾਰ, ਡਰਾਇਵਰ ਯੂਨੀਅਨ ਦੇ ਸਕੱਤਰ ਮਨਪ੍ਰੀਤ ਮਨੀ ਅਤੇ ਪ੍ਰਧਾਨ ਜਰਨੈਲ ਸਿੰਘ ਆਗੂਆ ਨੇ ਕਿਹਾ ਕਿ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਦਿੱਤੇ ਮੰਗ ਪੱਤਰ ਤੇ ਗੱਲਬਾਤ ਕਰਕੇ ਮੰਗਾਂ ਪ੍ਰਵਾਨ ਕਰੇ, ਤਾਂ ਕਿ ਡਰਾਈਵਰਾਂ ਦਾ ਰੋਸ ਖਤਮ ਹੋ ਸਕੇ ਅਤੇ ਸਾਂਤੀਪੂਰਵਕ ਆਪਣਾ ਕੰਮ ਕਰਨ, ਇਸ ਵਿੱਚ ਹੀ ਕੰਪਨੀ ਅਤੇ ਡਰਾਈਵਰਾਂ ਦੀ ਭਲਾਈ ਹੈ | ਉਪਰੋਕਤ ਆਗੂਆਂ ਨੇ ਕੇਂਦਰ ਤੋਂ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਮਜਦੂਰ ਵਿਰੋਧੀ 4 ਲੇਬਰ ਕੋਡਾ ਬਾਰੇ ਨੋਟੀਫਿਕੇਸ਼ਨ ਵਾਪਿਸ ਲਵੇ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਵਰਾਜ ਮਾਜਦਾ ਮੈਨੇਜਮੈਂਟ ਗੱਲਬਾਤ ਕਰਕੇ ਜਲਦੀ ਮਸਲਾ ਹੱਲ ਨਹੀਂ ਕਰਦੀ ਤਾਂ ਸਾਰੀਆਂ ਜੱਥੇਬੰਦੀ ਇੱਕਮੁਨ ਹੋ ਕੇ ਸੰਘਰਸ਼ ਕਰਨਗੀਆਂ | ਜੇਕਰ ਕੰਮ ਠੱਪ ਕਰਨ ਦੀ ਜਰੂਰਤ ਪਈ ਤਾਂ ਕੋਈ ਗੁਰੇਜ਼ ਨਹੀਂ ਕਰਨਗੀਆਂ | ਇਕੱਠ ਵਲੋਂ ਮਗਨਰੇਗਾ ਵਰਕਰਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਚੰਡੀਗੜ੍ਹ ਵਿਖੇ ਸਾਂਤ ਮਈ ਤਰੀਕੇ ਨਾਲ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣ ਵਾਲਿਆਂ ਤੇ ਕੀਤੀ ਲਾਠੀ ਚਾਰਜ ਦੀ ਨਿਖੇਧੀ ਕੀਤੀ | ਇਸ ਤੋਂ ਇਲਾਵਾ ਸਾਥੀ ਗੁਰਜੀਤ ਸਿੰਘ, ਸਾਥੀ ਗੁਰਦੀਪ ਸਿੰਘ ਬਰੋਲੀ, ਸਾਥੀ ਮੇਜਰ ਸਿੰਘ ਠੋਣਾ, ਸਾਥੀ ਨਿਰਮਲ ਸਿੰਘ ਅਤੇ ਸਾਥੀ ਹਰੀਸ ਕੁਮਾਰ ਆਦਿ ਸ਼ਾਮਲ ਸਨ |