03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰੂਪਨਗਰ ਨਗਰ ਕੌਂਸਲ ਚੋਣਾਂ 'ਚ ਹਾਰ ਲਈ ਖ਼ੁਦ ਕਾਂਗਰਸ ਜ਼ਿੰਮੇਵਾਰ-ਐਡਵੋਕੇਟ ਬਾਵਾ <br/>

ਅਜੀਤ ਡੈਸਕ 30-05-2026
ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਬਾਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਿੰਦਰਪ੍ਰੀਤ ਸਿੰਘ ਬਾਵਾ ਨੇ ਨਗਰ ਕੌਂਸਲ ਰੂਪਨਗਰ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਨਮੋਸ਼ੀ ਭਰੀ ਹਾਰ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਇੱਕ ਬਿਆਨ ਜਾਰੀ ਕਰਦਿਆਂ ਐਡਵੋਕੇਟ ਬਾਵਾ ਨੇ ਕਿਹਾ ਕਿ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਸਮੇਂ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਉਨ੍ਹਾਂ ਦੀ ਨਾ ਤਾਂ ਢੁੱਕਵੀਂ ਸਕਰੀਨਿੰਗ ਕੀਤੀ ਗਈ ਅਤੇ ਨਾ ਹੀ ਜਿੱਤ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਚੋਣਾਂ ਤੋਂ ਪਹਿਲਾਂ ਕੋਈ ਪ੍ਰਭਾਵਸ਼ਾਲੀ ਮੀਟਿੰਗ ਨਹੀਂ ਕੀਤੀ ਗਈ, ਜਿਸ ਵਿਚ ਉਮੀਦਵਾਰਾਂ ਦੀ ਚੋਣ ਤੇ ਚੋਣ ਰਣਨੀਤੀ ਬਾਰੇ ਵਿਚਾਰ ਕੀਤਾ ਜਾਂਦਾ | ਇਸ ਦਾ ਨਤੀਜਾ ਇਹ ਨਿਕਲਿਆ ਕਿ ਕੁਝ ਵਾਰਡਾਂ ਵਿਚ ਕਾਂਗਰਸ ਆਪਣੇ ਉਮੀਦਵਾਰ ਤੱਕ ਖੜ੍ਹੇ ਕਰਨ ਵਿਚ ਅਸਫਲ ਰਹੀ | ਐਡਵੋਕੇਟ ਬਾਵਾ ਨੇ ਕਿਹਾ ਕਿ ਪਾਰਟੀ ਆਗੂਆਂ ਦੀ ਆਪਸੀ ਫੁੱਟ ਵੀ ਹਾਰ ਦਾ ਇੱਕ ਵੱਡਾ ਕਾਰਨ ਬਣੀ | ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਲੀਡਰਸ਼ਿਪ ਨੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਵੀ ਪੂਰਾ ਸਮਾਂ ਤੇ ਮਿਹਨਤ ਨਹੀਂ ਕੀਤੀ ਜਿਸ ਕਾਰਨ ਕਾਂਗਰਸ ਉਮੀਦਵਾਰਾਂ ਨੂੰ ਨੁਕਸਾਨ ਝੱਲਣਾ ਪਿਆ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਹੋਈ ਹਾਰ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ ਤੇ ਪਾਰਟੀ ਨੂੰ ਇਸ ਨਤੀਜੇ 'ਤੇ ਗੰਭੀਰਤਾ ਨਾਲ ਆਤਮ-ਚਿੰਤਨ ਕਰਨ ਦੀ ਲੋੜ ਹੈ | ਐਡਵੋਕੇਟ ਬਾਵਾ ਨੇ ਕਿਹਾ ਕਿ ਰੂਪਨਗਰ ਸ਼ਹਿਰ ਵਿਚ ਆਮ ਆਦਮੀ ਪਾਰਟੀ ਵਿਕਾਸ ਦੇ ਮੋਰਚੇ 'ਤੇ ਕੋਈ ਵੱਡੀ ਪ੍ਰਾਪਤੀ ਨਹੀਂ ਦਿਖਾ ਸਕੀ, ਫਿਰ ਵੀ ਉਸ ਦੇ ਉਮੀਦਵਾਰ ਜੇਤੂ ਰਹੇ | ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਕਾਂਗਰਸ ਦੀ ਅੰਦਰੂਨੀ ਫੁੱਟ ਤੇ ਕਮਜ਼ੋਰ ਸੰਗਠਨਾਤਮਕ ਢਾਂਚਾ ਹੈ | ਉਨ੍ਹਾਂ ਕਾਂਗਰਸ ਹਾਈਕਮਾਨ ਨੂੰ ਅਪੀਲ ਕੀਤੀ ਕਿ ਰੂਪਨਗਰ ਹਲਕੇ ਵਿਚ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਗੰਭੀਰ ਕਦਮ ਚੁੱਕੇ ਜਾਣ ਤੇ ਇਹ ਵੇਖਿਆ ਜਾਵੇ ਕਿ ਕਿਹੜਾ ਆਗੂ ਪਾਰਟੀ ਨੂੰ ਇਕਜੁੱਟ ਕਰਕੇ ਨਵੀਂ ਤਾਕਤ ਦੇ ਸਕਦਾ ਹੈ |

ਪਿਛਲੀ ਖ਼ਬਰ 'ਆਪ' ਦੀ ਵੱਡੀ ਜਿੱਤ ਨੇ ਸਾਬਿਤ ਕੀਤਾ ਲੋਕ 'ਆਪ' ਸਰਕਾਰ ਦੇ ਕੰਮ ਤੋਂ ਸੰਤੁਸ਼ਟ-ਮਨੀਸ਼ ਸਿਸੋਦੀਆ ਅਗਲੀ ਖ਼ਬਰ ਹਲਕਾ ਇੰਚਾਰਜ ਬਰਿੰਦਰ ਢਿੱਲੋਂ ਦੇ ਆਪਣੇ ਵਾਰਡ 'ਚ ਕਾਂਗਰਸ ਚੌਥੇ ਸਥਾਨ 'ਤੇ ਖਿਸਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।