03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਹਲਕਾ ਇੰਚਾਰਜ ਬਰਿੰਦਰ ਢਿੱਲੋਂ ਦੇ ਆਪਣੇ ਵਾਰਡ 'ਚ ਕਾਂਗਰਸ ਚੌਥੇ ਸਥਾਨ 'ਤੇ ਖਿਸਕੀ <br/>

ਅਜੀਤ ਡੈਸਕ 30-05-2026
ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਰੂਪਨਗਰ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਦੀ ਅੰਦਰੂਨੀ ਸਥਿਤੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਪਾਰਟੀ ਨੂੰ ਨਾ ਸਿਰਫ਼ ਸਮੁੱਚੇ ਤੌਰ 'ਤੇ ਨਿਰਾਸ਼ਾਜਨਕ ਨਤੀਜੇ ਮਿਲੇ, ਸਗੋਂ ਕਈ ਸੀਨੀਅਰ ਆਗੂ ਵੀ ਆਪਣੇ-ਆਪਣੇ ਇਲਾਕਿਆਂ 'ਚ ਕਾਂਗਰਸ ਦੀ ਸਾਖ ਬਚਾਉਣ 'ਚ ਅਸਫਲ ਰਹੇ | ਰਾਜਨੀਤਿਕ ਵਿਸ਼ਲੇਸ਼ਕਾਂ ਅਨੁਸਾਰ ਰੂਪਨਗਰ ਹਲਕੇ 'ਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਗੁੱਟਬੰਦੀ ਤੇ ਆਗੂਆਂ ਵਿਚਾਲੇ ਤਾਲਮੇਲ ਦੀ ਘਾਟ ਕਾਂਗਰਸ ਦੀ ਕਮਜ਼ੋਰੀ ਦਾ ਮੁੱਖ ਕਾਰਨ ਰਹੀ ਹੈ | ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਆਗੂ ਵੀ ਕਦੇ ਇੱਕਜੁੱਟ ਹੋ ਕੇ ਕੰਮ ਕਰਦੇ ਨਜ਼ਰ ਨਹੀਂ ਆਏ ਜਿਸ ਦਾ ਅਸਰ ਹੁਣ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ ਵੀ ਸਾਫ਼ ਦਿਖਾਈ ਦਿੱਤਾ ਹੈ | ਮੌਜੂਦਾ ਸਮੇਂ ਜ਼ਿਲ੍ਹਾ ਕਾਂਗਰਸ ਦੀ ਕਮਾਨ ਅਸ਼ਵਨੀ ਸ਼ਰਮਾ ਕੋਲ ਹੈ ਜਦਕਿ ਹਲਕੇ ਵਿਚ ਟਿਕਟ ਦੇ ਦਾਅਵੇਦਾਰਾਂ ਵਿਚ ਖੁਦ ਅਸ਼ਵਨੀ ਸ਼ਰਮਾ ਸਮੇਤ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਦਾ ਨਾਮ ਵੀ ਪ੍ਰਮੁੱਖ ਤੌਰ 'ਤੇ ਚਰਚਾ ਵਿਚ ਰਹਿੰਦਾ ਹੈ | ਹਾਲਾਂਕਿ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਆਗੂ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਹਨ | ਇਸ ਦੇ ਬਾਵਜੂਦ ਚੋਣਾਂ ਦੌਰਾਨ ਪਾਰਟੀ ਨਾ ਤਾਂ ਸਾਰੇ ਵਾਰਡਾਂ ਵਿਚ ਮਜ਼ਬੂਤ ਉਮੀਦਵਾਰ ਉਤਾਰ ਸਕੀ ਅਤੇ ਨਾ ਹੀ ਚੋਣ ਪ੍ਰਚਾਰ ਵਿਚ ਉਮੀਦ ਅਨੁਸਾਰ ਸਰਗਰਮੀ ਦਿਖਾ ਸਕੀ | ਇਸੇ ਕਾਰਨ ਕਾਂਗਰਸ ਨੂੰ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਪਾਰਟੀ ਮਹਿਜ਼ ਇੱਕ ਸੀਟ ਜਿੱਤ ਕੇ ਆਪਣਾ ਖਾਤਾ ਖੋਲ੍ਹਣ ਵਿਚ ਕਾਮਯਾਬ ਹੋਈ | ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਬਲਾਕ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ, ਜੋ ਪਿਛਲੀ ਟਰਮ ਵਿਚ ਨਗਰ ਕੌਂਸਲਰ ਰਹਿ ਚੁੱਕੇ ਹਨ, ਆਪਣੀ ਪਤਨੀ ਦੀ ਸੀਟ ਵੀ ਨਹੀਂ ਬਚਾ ਸਕੇ | ਉਨ੍ਹਾਂ ਦੀ ਪਤਨੀ ਨੂੰ ਕੇਵਲ 136 ਵੋਟਾਂ ਮਿਲੀਆਂ ਤੇ ਉਹ ਤੀਜੇ ਸਥਾਨ 'ਤੇ ਰਹੀ | ਇਹ ਨਤੀਜਾ ਵੀ ਕਾਂਗਰਸ ਦੀ ਕਮਜ਼ੋਰ ਜ਼ਮੀਨੀ ਪਕੜ ਨੂੰ ਦਰਸਾਉਂਦਾ ਹੈ | ਇੱਥੋਂ ਤੱਕ ਕਿ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਆਪਣੇ ਵਾਰਡਾਂ 'ਚ ਵੀ ਪਾਰਟੀ ਚੌਥੇ ਸਥਾਨ 'ਤੇ ਰਹੀ | ਇਸ ਦੀ ਸਭ ਤੋਂ ਵੱਡੀ ਮਿਸਾਲ ਵਾਰਡ ਨੰਬਰ 16 ਦੇ ਨਤੀਜਿਆਂ ਤੋਂ ਸਾਹਮਣੇ ਆਈ | ਰੋਪੜ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਚੋਣ ਲੜ ਚੁੱਕੇ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਬਰਿੰਦਰ ਸਿੰਘ ਢਿੱਲੋਂ ਇਸੇ ਵਾਰਡ ਦੇ ਵਸਨੀਕ ਅਤੇ ਵੋਟਰ ਹਨ | ਇਸ ਦੇ ਬਾਵਜੂਦ ਉਨ੍ਹਾਂ ਦੇ ਆਪਣੇ ਵਾਰਡ ਵਿਚ ਕਾਂਗਰਸ ਚੌਥੇ ਸਥਾਨ 'ਤੇ ਰਹੀ | ਵਾਰਡ ਨੰਬਰ 16 ਤੋਂ ਕਾਂਗਰਸ ਉਮੀਦਵਾਰ ਜਸਵਿੰਦਰ ਕੌਰ ਵਾਲੀਆ ਨੂੰ 191 ਵੋਟਾਂ ਮਿਲੀਆਂ | ਆਮ ਆਦਮੀ ਪਾਰਟੀ ਦੀ ਸੁਰਜੀਤ ਕੌਰ 432 ਵੋਟਾਂ ਨਾਲ ਪਹਿਲੇ ਸਥਾਨ 'ਤੇ ਰਹੀ | ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ ਨੂੰ 232 ਵੋਟਾਂ ਮਿਲੀਆਂ ਅਤੇ ਉਹ ਦੂਜੇ ਸਥਾਨ 'ਤੇ ਰਹੀ ਜਦਕਿ ਭਾਜਪਾ ਦੀ ਕੰਚਨ ਬਾਲਾ 228 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੀ | ਸਿਆਸੀ ਹਲਕਿਆਂ 'ਚ ਇਹ ਨਤੀਜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਸ ਵਾਰਡ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਖੁਦ ਰਹਿੰਦੇ ਹਨ ਉੱਥੇ ਹੀ ਪਾਰਟੀ ਚੌਥੇ ਸਥਾਨ 'ਤੇ ਖਿਸਕ ਗਈ | ਰਾਜਨੀਤਿਕ ਨਿਰੀਖਕ ਇਸ ਨੂੰ ਕਾਂਗਰਸ ਦੀ ਕਮਜ਼ੋਰ ਸੰਗਠਨਾਤਮਕ ਹਾਲਤ, ਲੰਬੇ ਸਮੇਂ ਤੋਂ ਚੱਲ ਰਹੀ ਗੁੱਟਬੰਦੀ ਤੇ ਸ਼ਹਿਰ 'ਚ ਘਟਦੇ ਜਨਾਧਾਰ ਦਾ ਸਪੱਸ਼ਟ ਸੰਕੇਤ ਮੰਨ ਰਹੇ ਹਨ | 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਨਤੀਜੇ ਕਾਂਗਰਸ ਲਈ ਇੱਕ ਗੰਭੀਰ ਚੇਤਾਵਨੀ ਵਜੋਂ ਵੀ ਦੇਖੇ ਜਾ ਰਹੇ ਹਨ |

ਪਿਛਲੀ ਖ਼ਬਰ ਰੂਪਨਗਰ ਨਗਰ ਕੌਂਸਲ ਚੋਣਾਂ 'ਚ ਹਾਰ ਲਈ ਖ਼ੁਦ ਕਾਂਗਰਸ ਜ਼ਿੰਮੇਵਾਰ-ਐਡਵੋਕੇਟ ਬਾਵਾ <br/> ਅਗਲੀ ਖ਼ਬਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਟਕਰਾਅ ਟਲ਼ਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।