ਅਟਾਰੀ, 15 ਫਰਵਰੀ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ ਹਾਈਵੇਅ 'ਤੇ ਸਥਿਤ ਗ੍ਰੇਟ ਇੰਡੀਆ ਪ੍ਰੈਜੀਡੈਂਸੀ ਸਕੂਲ ਛਿੱਡਣ ਵਿਖੇ ਬੜੀ ਸ਼ਰਧਾ, ਸਤਿਕਾਰ ਅਤੇ ਆਤਮਿਕ ਭਾਵਨਾ ਨਾਲ ਅਰਦਾਸ ਦਿਵਸ ਮਨਾਇਆ ਗਿਆ | ਇਸ ਪਾਵਨ ਮੌਕੇ ਸਕੂਲ ਦੀ ਮੈਨੇਜਮੈਂਟ, ਡਾਇਰੈਕਟਰ, ਪਿ੍ੰਸੀਪਲ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੇ ਮਿਲ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ | ਅਰਦਾਸ ਦਿਵਸ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ, ਜਿਸ ਨਾਲ ਪੂਰੇ ਸਕੂਲ ਵਿਚ ਆਤਮਿਕ ਸ਼ਾਂਤੀ ਅਤੇ ਸਾਕਾਰਾਤਮਕਤਾ ਦਾ ਮਾਹੌਲ ਬਣਿਆ | ਸਕੂਲ ਦੇ ਚੇਅਰਪਰਸਨ ਡਾ. ਅਰੀਦਮਨ ਸਿੰਘ ਮਾਹਲ ਅਤੇ ਮੈਡਮ ਸੁਖਬੀਰ ਕੌਰ ਮਾਹਲ ਨੇ ਵੱਖ-ਵੱਖ ਖੇਡਾਂ ਵਿਚ ਅੱਗੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕਰਕੇ ਬੱਚਿਆਂ ਦਾ ਹੌਂਸਲਾ ਵਧਾਇਆ | ਉਨ੍ਹਾਂ ਨੇ ਅਰਦਾਸ ਦੀ ਮਹੱਤਤਾ 'ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ | ਸਕੂਲ ਦੇ ਡਾਇਰੈਕਟਰ ਕੰਵਲਜੀਤ ਸਿੰਘ ਖੋਖਰ ਅਤੇ ਪਿ੍ੰ: ਰਮਨਦੀਪ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਰਦਾਸ ਸਾਨੂੰ ਨਿਮਰਤਾ, ਏਕਤਾ ਅਤੇ ਮਨੁੱਖਤਾ ਦੇ ਮਾਰਗ 'ਤੇ ਤੁਰਨ ਦੀ ਪ੍ਰੇਰਣਾ ਦਿੰਦੀ ਹੈ | ਅਰਦਾਸ ਦਿਵਸ ਦੇ ਅੰਤ ਵਿਚ ਸਭ ਦੀ ਭਲਾਈ, ਦੇਸ਼ ਦੀ ਤਰੱਕੀ ਅਤੇ ਵਿਦਿਆਰਥੀਆਂ ਦੇ ਸੁੰਦਰ ਭਵਿੱਖ ਲਈ ਅਰਦਾਸ ਕੀਤੀ ਗਈ |