ਗੱਗੋਮਾਹਲ, 15 ਫਰਵਰੀ (ਬਲਵਿੰਦਰ ਸਿੰਘ ਸੰਧੂ)-ਅਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉੇਣ ਦਾ ਸੰਘਰਸ਼ ਕਰਨ ਵਾਲੇ ਸਾਧੂ ਸਿੰਘ ਤੱਖ਼ਤੂਪੁਰਾ ਨੂੰ ਉਸ ਵੇਲੇ ਦੀ ਅਕਾਲੀ ਹਕੂਮਤ ਵਲੋਂ 2010 ਵਿਚ ਸ਼ਹੀਦ ਕੀਤਾ ਗਿਆ ਸੀ, ਜਿਨ੍ਹਾਂ ਦੀ ਬਰਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਅੰਮਿ੍ਤਸਰ ਵਲੋਂ ਗੱਗੋਮਾਹਲ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਕਾਨਫਰੰਸ ਕਰਕੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਰਹਿਨੁਮਾਈ ਹੇਠ ਮਨਾਈ ਗਈ | ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਅਬਾਦਕਾਰਾ ਨੂੰ ਤੁਰੰਤ ਮਾਲਕੀ ਹੱਕ ਦੇਵੇ, ਬਿਜਲੀ ਬਿੱਲ 2025 ਨੂੰ ਰੱਦ ਕੀਤਾ ਜਾਵੇ, ਫ਼ਸਲ ਸੋਧ ਬੀਜ ਦਾ ਕਾਨੂੰਨ ਰੱਦ ਕੀਤਾ ਜਾਵੇ, ਮਨਰੇਗਾ ਦਾ ਪੁਰਾਣਾ ਸਰੂਪ ਬਹਾਲ ਕੀਤਾ ਜਾਵੇ ਤੇ ਅਮਰੀਕਾ ਨਾਲ ਕੇਂਦਰ ਸਰਕਾਰ ਵਲੋਂ ਟੈਕਸ ਮੁਕਤ ਸਮਝੌਤਾ ਰੱਦ ਕਰਨ ਦੇ ਨਾਲ ਨਾਲ 4 ਲੇਬਰ ਕਾਨੂੰਨ ਤੇ ਨਿੱਜੀਕਰਨ ਆਉੂਟਸੋਰਸਿੰਗ ਪਾਲਸੀ ਤੁਰੰਤ ਰੱਦ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਧੂ ਸਿੰਘ ਤਖ਼ਤੂਪੁਰਾ ਨੇ ਅਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੀ ਲੜਾਈ ਲੜਦਿਆਂ ਸ਼ਹਾਦਤ ਦਿੱਤੀ ਸੀ ਤੇ ਇਹ ਲੜਾਈ ਅੱਜ ਵੀ ਜਾਰੀ ਹੈ | ਤਖ਼ਤੂਪੁਰਾ ਨੇ ਕਿਹਾ ਸੀ ਕਿ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਲੜਾਈ ਵਿਚ ਸਿਰ ਦੇਣ ਦੀ ਵਾਰੀ ਤਖ਼ਤੂਪੁਰਾ ਦੀ ਹੈ | ਉਗਰਾਹਾਂ ਨੇ ਕਿਹਾ ਕਿ ਭਾਵੇਂ ਭਾਰਤ ਮਾਲਾ ਅਧੀਨ ਜ਼ਮੀਨਾਂ ਦੇ ਮੁਆਵਜੇ ਦੀ ਗੱਲ ਹੋਵੇ, ਭਾਵੇਂ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਸਰਕਾਰ ਹਰ ਜਗ੍ਹਾ ਕਿਸਾਨਾਂ ਨਾਲ ਧੱਕਾ ਕਰਦੀ ਹੈ | ਲਾਲਾ ਕਹਿੰਦਾ ਹੱਟ 'ਤੇ ਨਾ ਚੜ੍ਹ ਤੇ ਗਾਹਕ ਕਹਿੰਦਾ ਪੂਰਾ ਤੋਲ, ਉਨ੍ਹਾਂ ਕਿਹਾ ਕਿ ਜਾਖੜ ਕਹਿ ਰਿਹਾ ਕਿ ਮੈ ਕਿਸਾਨ ਹਾਂ ਤੁਸੀ ਦੱਸੋ 5 ਹਜਾਰ ਏਕੜ ਜ਼ਮੀਨ ਦਾ ਮਾਲਕ ਕਿਸਾਨ ਹੋ ਸਕਦਾ ਹੈ ਉਹ ਤਾਂ ਰਜਵਾੜਾ ਹੈ | ਉਨ੍ਹਾਂ ਸਮੇਂ ਦੀਆਂ ਸਰਕਾਰਾਂ ਨੂੰ ਅਗਾਹ ਕਰਦਿਆਂ ਕਿਹਾ ਕਿ ਲੋਕਾਂ ਦੇ ਹੜ੍ਹ ਨੂੰ ਕੋਈ ਨਹੀਂ ਰੋਕ ਸਕਦਾ ਤੇ ਲੋਕ ਰੋਹ ਅੱਗੇ ਹਰੇਕ ਨੂੰ ਝੁਕਣਾ ਪੈਂਦਾ ਹੈ | ਅਖੀਰ ਤੇ ਉਨ੍ਹਾਂ ਸਾਧੂ ਸਿੰਘ ਤਖ਼ਤੂਪੁਰਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਉਨ੍ਹਾਂ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਲਖਵਿੰਦਰ ਸਿੰਘ ਮੰਜਿਆਵਾਲੀ, ਜ਼ਿਲ੍ਹਾ ਪ੍ਰਧਾਨ ਸੰਗਰੂਰ ਅਮਰੀਕ ਸਿੰਘ ਗੰਡੂਆ, ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਗੁਰਬਾਗ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਦੇ ਨਵਜੀਤ ਸਿੰਘ, ਪੱਤਰਕਾਰ ਮਨਿੰਦਰਜੀਤ ਸਿੰਘ, ਡਾ. ਪਲਵਿੰਦਰ ਸਿੰਘ ਵੜੈਚ, ਪਲਵਿੰਦਰ ਕੌਰ ਗੋਸਲ ਨੇ ਵੀ ਸੰਬੋਧਨ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਬਘੇਲ ਸਿੰਘ ਕੋਟਮੁਗਲ ਵਲੋਂ ਨਿਭਾਈ ਗਈ |