ਵਪਾਰੀਆਂ ਨੇ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਚੋਣ ਮੈਦਾਨ ’ਚ ਉੱਤਰਨ ਲਈ ਕੀਤੇ ਕਮਰਕੱਸੇ
ਅੰਮ੍ਰਿਤਸਰ, 28 ਨਵੰਬਰ (ਸੁਰਿੰਦਰ ਕੋਛੜ)-ਕੇਂਦਰ ਅਤੇ ਸੂਬਾ ਸਰਕਾਰ ਵਲੋਂ ਚੋਣਾਂ ਵੇਲੇ ਵਪਾਰ ਅਤੇ ਸਨਅਤ ਨੂੰ ਮਜ਼ਬੂਤ ਕਰਨ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣ ਦੇ ਵਾਅਦਿਆਂ ਅਤੇ ਦਾਅਵਿਆਂ ਤੋਂ ਅੱਕ ਚੁਕੇ ਸੂਬੇ ਦੇ ਵਪਾਰੀਆਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੁਣਾਵੀ ਦੰਗਲ ’ਚ ਉੱਤਰਨ ਲਈ ਹੁਣ ਤੋਂ ਹੀ ਕਮਰਕੱਸੇ ਕਰ ਲਏ ਹਨ। ਹਾਲਾਂਕਿ, ਅਜੇ ਤਕ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਵਪਾਰੀ ਵਰਗ ਕੋਈ ਆਪਣੀ ਨਵੀਂ ਪਾਰਟੀ ਖੜ੍ਹੀ ਕਰੇਗਾ ਜਾਂ ਪਹਿਲਾਂ ਤੋਂ ਮੈਦਾਨ ’ਚ ਉਤਰੀ ਕਿਸੇ ਸਿਆਸੀ ਧਿਰ ਵਲੋਂ ਵਿਸ਼ਵਾਸ ਦਿਵਾਉਣ ‘ਤੇ ਉਸ ‘ਚ ਆਪਣੇ ਉਮੀਦਵਾਰ ਸ਼ਾਮਿਲ ਕਰੇਗਾ, ਪਰ ਫਿਲਹਾਲ ਇਸ ਬਾਰੇ ’ਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ’ਚ ਗੁਪਤ ਤੌਰ ’ਤੇ ਵਪਾਰੀ ਆਗੂਆਂ ਦੀਆਂ ਬੈਠਕਾਂ ਦਾ ਦੌਰ ਜ਼ਰੂਰ ਸ਼ੁਰੂ ਹੋ ਚੁੱਕਿਆ ਹੈ।
ਅੰਮ੍ਰਿਤਸਰ, 28 ਨਵੰਬਰ (ਸੁਰਿੰਦਰ ਕੋਛੜ)-ਕੇਂਦਰ ਅਤੇ ਸੂਬਾ ਸਰਕਾਰ ਵਲੋਂ ਚੋਣਾਂ ਵੇਲੇ ਵਪਾਰ ਅਤੇ ਸਨਅਤ ਨੂੰ ਮਜ਼ਬੂਤ ਕਰਨ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣ ਦੇ ਵਾਅਦਿਆਂ ਅਤੇ ਦਾਅਵਿਆਂ ਤੋਂ ਅੱਕ ਚੁਕੇ ਸੂਬੇ ਦੇ ਵਪਾਰੀਆਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੁਣਾਵੀ ਦੰਗਲ ’ਚ ਉੱਤਰਨ ਲਈ ਹੁਣ ਤੋਂ ਹੀ ਕਮਰਕੱਸੇ ਕਰ ਲਏ ਹਨ। ਹਾਲਾਂਕਿ, ਅਜੇ ਤਕ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਵਪਾਰੀ ਵਰਗ ਕੋਈ ਆਪਣੀ ਨਵੀਂ ਪਾਰਟੀ ਖੜ੍ਹੀ ਕਰੇਗਾ ਜਾਂ ਪਹਿਲਾਂ ਤੋਂ ਮੈਦਾਨ ’ਚ ਉਤਰੀ ਕਿਸੇ ਸਿਆਸੀ ਧਿਰ ਵਲੋਂ ਵਿਸ਼ਵਾਸ ਦਿਵਾਉਣ ‘ਤੇ ਉਸ ‘ਚ ਆਪਣੇ ਉਮੀਦਵਾਰ ਸ਼ਾਮਿਲ ਕਰੇਗਾ, ਪਰ ਫਿਲਹਾਲ ਇਸ ਬਾਰੇ ’ਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ’ਚ ਗੁਪਤ ਤੌਰ ’ਤੇ ਵਪਾਰੀ ਆਗੂਆਂ ਦੀਆਂ ਬੈਠਕਾਂ ਦਾ ਦੌਰ ਜ਼ਰੂਰ ਸ਼ੁਰੂ ਹੋ ਚੁੱਕਿਆ ਹੈ। ਇਸ ਬਾਰੇ ’ਚ ‘ਅਜੀਤ’ ਨੇ ਕਈ ਵਪਾਰੀ ਆਗੂਆਂ ਅਤੇ ਸਨਅਤਕਾਰ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ। ਵਪਾਰੀ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਨਾਲ ਸਭ ਤੋਂ ਵੱਡੀ ਨਾਰਾਜ਼ਗੀ ਪੰਜਾਬ ਦੇ ਵਪਾਰੀਆਂ ਨੂੰ ਨਜ਼ਰਅੰਦਾਜ਼ ਕਰਕੇ ਦੂਜਿਆਂ ਸੂਬਿਆਂ ਨੂੰ ਉਨ੍ਹਾਂ ਦੇ ਹੱਕ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਜਦਕਿ ਸੂਬਾ ਸਰਕਾਰ ਨਾਲ ਉਨ੍ਹਾਂ ਦੀ ਨਾਰਾਜ਼ਗੀ ਚੋਣਾਂ ਮੌਕੇ ਵਪਾਰੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਹੈ। ਉਨ੍ਹਾਂ ਦੱਸਿਆ ਕਿ ਵਪਾਰੀਆਂ ਵਲੋਂ ਉਨ੍ਹਾਂ ਲਈ ਪੈਨਸ਼ਨ ਯੋਜਨਾ ਸ਼ੁਰੂ ਕੀਤੇ ਜਾਣ ਦੀ ਕਈ ਵਾਰ ਮੰਗ ਕੀਤੀ ਜਾ ਚੁਕੀ ਹੈ, ਪਰ ਸਰਕਾਰ ’ਚ ਬੈਠੇ ਨੁਮਾਇੰਦਿਆਂ ਨੇ ਕਦੇ ਇਸ ਨੂੰ ਅਸੈਂਬਲੀ ’ਚ ਨਹੀਂ ਰੱਖਿਆ। ਉਨ੍ਹਾਂ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਵਪਾਰੀ ਕਾਰੋਬਾਰ ਸ਼ੁਰੂ ਕਰਨ ਤੋਂ ਲੈ ਕੇ ਆਪਣੇ ਅੰਤ ਤਕ ਸਰਕਾਰ ਨੂੰ ਆਮਦਨ ਕਰ ਅਤੇ ਹੋਰ ਕਈ ਤਰ੍ਹਾਂ ਦੇ ਟੈਕਸਾਂ ਦੀ ਅਦਾਇਗੀ ਕਰਨ ਦੇ ਨਾਲ-ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਕੇ ਦੇਸ਼ ਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਵੀ ਹੱਲ ਕਰ ਰਹੇ ਹਨ। ਇਸ ਦੇ ਬਾਵਜੂਦ ਵਪਾਰੀਆਂ ਦੇ ਕਾਰੋਬਾਰ ਕਰਨ ਜਾਂ ਸੇਵਾਵਾਂ ਦੇਣ ਦੀ ਕੋਈ ਉਮਰ ਹੱਦ ਤਹਿ ਨਹੀਂ ਕੀਤੀ ਗਈ ਹੈ। ਜਿਸ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਨੂੰ ਵਪਾਰੀਆਂ ਵਲੋਂ ਅਦਾ ਕੀਤੀ ਜਾਂਦੀ ਟੈਕਸ ਦਰ ਨੂੰ ਵੇਖਦਿਆਂ 60-65 ਸਾਲ ਦੀ ਉਮਰ ਦੇ ਬਾਅਦ ਵਪਾਰੀਆਂ ਲਈ ਪੈਨਸ਼ਨ ਸ਼ੁਰੂ ਕਰਨੀ ਚਾਹੀਦੀ ਹੈ। ਇਸ ਦੇ ਇਲਾਵਾ ਉਨ੍ਹਾਂ ਦਾ ਘੱਟੋ ਘੱਟ 10 ਲੱਖ ਰੁਪਏ ਦਾ ਸਰਕਾਰੀ ਯੋਜਨਾ ਤਹਿਤ ਜੀਵਨ ਅਤੇ ਮੈਡੀਕਲ ਬੀਮਾ ਵੀ ਕੀਤਾ ਜਾਣਾ ਚਾਹੀਦਾ ਹੈ। ਕੁੱਝ ਵਪਾਰੀ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੀ ਅਤੇ ਮੌਜੂਦਾ ਸੂਬਾ ਸਰਕਾਰ ਨਾਲ ਇਸ ਗੱਲ ਨੂੰ ਲੈ ਕੇ ਵੀ ਤੌਖਲਾ ਹੈ ਕਿ ਚੋਣਾਂ ਮੌਕੇ ਵਪਾਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮੁਹੱਈਆ ਕਰਵਾਉਣ ਦਾ ਵਾਅਦਾ ਅਜੇ ਤਕ ਪੂਰਾ ਨਹੀਂ ਕੀਤਾ ਗਿਆ ਹੈ। ਇਸ ਦੇ ਇਲਾਵਾ ਜੀ. ਐੱਸ. ਟੀ. ਨਿਯਮਾਂ ‘ ਚ ਸਰਕਾਰ ਦੁਆਰਾ 1000 ਤੋਂ ਵਧੇਰੇ ਵਾਰ ਕੀਤੀਆਂ ਗਈਆਂ ਤਬਦੀਲੀਆਂ ਨੇ ਵਪਾਰ ਨੂੰ ਬਹੁਤ ਗੁੰਝਲਦਾਰ ਬਣਾ ਦਿੱਤਾ ਹੈ। ਉਕਤ ਸਭ ਦੇ ਬਾਵਜੂਦ ਇਹ ਸਪਸ਼ਟ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਵਪਾਰੀਆਂ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਕਿੰਨੀ ਦੇਰ ਤਕ ਬਣੀ ਰਹੇਗੀ ਜਾਂ ਕੀ ਵਪਾਰੀ ਵਾਕਿਆ ਹੀ ਸੱਤਾ ’ਤੇ ਬੈਠੇ ਸਿਆਸੀ ਆਗੂਆਂ ਨੂੰ ਚੁਨੌਤੀ ਦੇਣ ਲਈ ਚੋਣ ਦੰਗਲ ’ਚ ਉੱਤਰਨਗੇ ਜਾਂ ਫਿਰ ਕਿਸੇ ਖ਼ਾਸ ਪਾਰਟੀ ਨੂੰ ਖੁੱਲ੍ਹ ਕੇ ਆਪਣੀ ਹਿਮਾਇਤ ਦੇਣਗੇ, ਪਰ ਇਹ ਸਾਫ਼ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵਪਾਰੀ ਵਰਗ ਅਤੇ ਕਿਸਾਨ ਆਪਣੇ ਬਾਹੂ-ਬਲ ਅਤੇ ਇਕ ਵੱਡੀ ਭੂਮਿਕਾ ਜ਼ਰੂਰ ਦਰਜ ਕਰਾਉਣਗੇ।