25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਰਕਾਰ ਦੇ ਯਤਨਾਂ ਦੇ ਬਾਵਜੂਦ ਝੋਨੇ ਦੀ ਸਿਧੀ ਬਿਜਾਈ ਵੱਲ ਉਤਸ਼ਾਹਿਤ ਨਹੀਂ ਹੋ ਰਹੇ ਕਿਸਾਨ

ਅਜੀਤ ਡੈਸਕ 29-05-2026
ਪਟਿਆਲਾ, 28 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਇਸ ਵਾਰ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਇਸ ਦੇ ਬਾਵਜੂਦ ਕਿਸਾਨ ਵੱਡੇ ਪੱਧਰ 'ਤੇ ਡਾਇਰੈਕਟ ਸੀਡਿੰਗ ਆਫ ਰਾਈਸ (ਡੀ.ਐਸ.ਆਰ.) ਵੱਲ ਉਤਸ਼ਾਹਿਤ ਹੁੰਦੇ ਨਜ਼ਰ ਨਹੀਂ ਆ ਰਹੇ | ਉੱਧਰ, ਸੂਬੇ 'ਚ ਪੈ ਰਹੀ ਭਾਰੀ ਗਰਮੀ ਅਤੇ ਹੀਟਵੇਵ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਖੇਤਾਂ 'ਚ ਨਮੀ ਕਾਇਮ ਰੱਖਣਾ ਔਖਾ ਹੋਣ ਕਾਰਨ ਕਈ ਇਲਾਕਿਆਂ 'ਚ ਬੀਜ ਦੇ ਅੰਕੁਰਣ 'ਤੇ ਅਸਰ ਪੈਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ | ਪੰਜਾਬ ਸਰਕਾਰ ਵਲੋਂ ਇਸ ਵਾਰ 15 ਮਈ ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਹਾ ਹੈ | ਸਰਕਾਰ ਨੇ 2026-27 ਸੀਜ਼ਨ ਦੌਰਾਨ ਕਰੀਬ 5 ਲੱਖ ਏਕੜ ਰਕਬਾ ਡੀ.ਐਸ.ਆਰ. ਹੇਠ ਲਿਆਉਣ ਦਾ ਟੀਚਾ ਰੱਖਿਆ ਹੈ ਅਤੇ ਕਿਸਾਨਾਂ ਨੂੰ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਹੈ | ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਡੀ.ਐਸ.ਆਰ. ਤਕਨੀਕ ਨਾਲ ਪਾਣੀ ਦੀ ਬੱਚਤ ਸੰਭਵ ਹੈ ਪਰ ਸ਼ੁਰੂਆਤੀ ਦਿਨਾਂ ਵਿਚ ਖੇਤਾਂ 'ਚ ਨਮੀ ਕਾਇਮ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ | ਮਾਲਵਾ ਖੇਤਰ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਤਾਪਮਾਨ ਆਮ ਨਾਲੋਂ ਵੱਧ ਹੋਣ ਕਾਰਨ ਖੇਤਾਂ ਨੂੰ ਵਾਰ-ਵਾਰ ਪਾਣੀ ਦੇਣਾ ਪੈ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਡੀ.ਐਸ.ਆਰ. 'ਚ ਘਾਹ-ਫੂਸ ਦੀ ਵੱਧ ਸਮੱਸਿਆ, ਵਾਧੂ ਸਪਰੇਅ ਅਤੇ ਪੈਦਾਵਾਰ ਘਟਣ ਦੇ ਡਰ ਕਾਰਨ ਕਈ ਕਿਸਾਨ ਅਜੇ ਵੀ ਰਵਾਇਤੀ ਢੰਗ ਨਾਲ ਝੋਨਾ ਲਗਾਉਣ ਨੂੰ ਤਰਜੀਹ ਦੇ ਰਹੇ ਹਨ | ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂਆਂ ਦਾ ਮੰਨਣਾ ਹੈ ਕਿ ਸਿਰਫ਼ ਪ੍ਰੋਤਸਾਹਨ ਰਾਸ਼ੀ ਦੇਣ ਨਾਲ ਕਿਸਾਨ ਵੱਡੇ ਪੱਧਰ 'ਤੇ ਡੀ.ਐਸ.ਆਰ. ਵੱਲ ਨਹੀਂ ਆਉਣਗੇ |
ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਵਲੋਂ ਪੱਕੀ ਤਕਨੀਕੀ ਸਹਾਇਤਾ, ਨਦੀਨਾਂ 'ਤੇ ਕਾਬੂ ਅਤੇ ਫ਼ਸਲ ਨੁਕਸਾਨ ਦੀ ਸਥਿਤੀ 'ਚ ਭਰੋਸੇਯੋਗ ਮੁਆਵਜ਼ੇ ਦੀ ਵਿਵਸਥਾ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕਿਸਾਨ ਇਸ ਤਕਨੀਕ ਨੂੰ ਪੂਰੀ ਤਰ੍ਹਾਂ ਅਪਣਾਉਣ ਤੋਂ ਹਿਚਕਚਾਉਂਦੇ ਰਹਿਣਗੇ | ਦੂਜੇ ਪਾਸੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਹੇਠਾਂ ਜਾ ਰਹੇ ਭੂ-ਜਲ ਪੱਧਰ ਨੂੰ ਦੇਖਦਿਆਂ ਪੰਜਾਬ ਲਈ ਡੀ.ਐਸ.ਆਰ. ਤਕਨੀਕ ਮਹੱਤਵਪੂਰਨ ਬਣ ਚੁੱਕੀ ਹੈ | ਇਸ ਤਰੀਕੇ ਨਾਲ ਰਵਾਇਤੀ ਝੋਨੇ ਦੇ ਮੁਕਾਬਲੇ ਪਾਣੀ ਅਤੇ ਮਜ਼ਦੂਰੀ ਦੋਵਾਂ ਦੀ ਬੱਚਤ ਹੁੰਦੀ ਹੈ | ਇਸੇ ਕਾਰਨ ਸਰਕਾਰ ਵੀ ਕਿਸਾਨਾਂ ਨੂੰ ਸਿੱਧੀ ਬਿਜਾਈ ਵੱਲ ਪ੍ਰੇਰਿਤ ਕਰ ਰਹੀ ਹੈ | ਪੰਜਾਬ 'ਚ ਭੂ-ਜਲ ਸੰਕਟ ਦੇ ਮੱਦੇਨਜ਼ਰ ਸਰਕਾਰ ਡੀ.ਐਸ.ਆਰ. ਨੂੰ ਭਵਿੱਖ ਦੀ ਲੋੜ ਵਜੋਂ ਪੇਸ਼ ਕਰ ਰਹੀ ਹੈ ਪਰ ਵਧਦੀ ਗਰਮੀ ਅਤੇ ਕਿਸਾਨਾਂ ਦੀ ਘੱਟ ਰੁਚੀ ਨੇ ਇਸ ਤਕਨੀਕ ਸਾਹਮਣੇ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ |
ਪਿਛਲੀ ਖ਼ਬਰ ਦਿੱਲੀ ਤੋਂ ਕਟੜਾ ਜਾ ਰਹੀ ਵੋਲਵੋ ਬੱਸ ਟਰਾਲੇ ਨਾਲ ਟਕਰਾਈ, ਚਾਲਕ ਦੀ ਮੌਤ ਅਗਲੀ ਖ਼ਬਰ ਸਨੌਰ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਖੁੱਲੇ੍ਹ ਠੇਕੇ ਕਾਰਨ ਸੰਗਤਾਂ 'ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।