ਪਟਿਆਲਾ, 3 ਜੂਨ (ਗੁਰਵਿੰਦਰ ਸਿੰਘ ਔਲਖ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਅਤੇ ਡਾ. ਗੌਰਵ ਧੀਮਾਨ, ਸਹਾਇਕ ਪ੍ਰੋਫੈਸਰ ਵਲੋਂ '' ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਇੰਡੀਅਨ ਲੀਗਲ ਸਿਸਟਮ '' ਨਾਮਕ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ | ਇਹ ਪੁਸਤਕ ਭਾਰਤੀ ਕਾਨੂੰਨੀ ਅਤੇ ਨਿਆਂ ਪ੍ਰਣਾਲੀ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਧ ਰਹੀ ਭੂਮਿਕਾ, ਇਸ ਦੇ ਮੌਕਿਆਂ, ਚੁਣੌਤੀਆਂ, ਨੈਤਿਕ ਪੱਖਾਂ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕਰਦੀ ਹੈ | ਪੁਸਤਕ ਕਾਨੂੰਨ, ਤਕਨਾਲੋਜੀ ਅਤੇ ਨੀਤੀ ਨਿਰਮਾਣ ਨਾਲ ਜੁੜੇ ਵਿਦਿਆਰਥੀਆਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਕਾਨੂੰਨੀ ਮਾਹਿਰਾਂ ਲਈ ਇਕ ਮਹੱਤਵਪੂਰਨ ਸੰਦਰਭ ਗ੍ਰੰਥ ਸਾਬਤ ਹੋਵੇਗੀ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. (ਡਾ.) ਰਤਨ ਸਿੰਘ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਦੇ ਸਮੇਂ ਵਿਚ ਹਰ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਕਾਨੂੰਨੀ ਪ੍ਰਣਾਲੀ ਵਿਚ ਇਸ ਦੀ ਵਰਤੋਂ ਨਿਆਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾ ਸਕਦੀ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਅਕਾਦਮਿਕ ਰਚਨਾਵਾਂ ਖੋਜ ਅਤੇ ਗਿਆਨ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ | ਡਾ. ਗੌਰਵ ਧੀਮਾਨ ਨੇ ਦੱਸਿਆ ਕਿ ਇਸ ਪੁਸਤਕ ਦਾ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਭਾਰਤੀ ਕਾਨੂੰਨੀ ਪ੍ਰਣਾਲੀ ਦੇ ਆਪਸੀ ਸੰਬੰਧਾਂ ਨੂੰ ਸਰਲ ਅਤੇ ਵਿਸਤਿ੍ਤ ਢੰਗ ਨਾਲ ਪੇਸ਼ ਕਰਨਾ ਹੈ, ਤਾਂ ਜੋ ਇਸ ਵਿਸ਼ੇ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਨੂੰ ਨਵੀਆਂ ਜਾਣਕਾਰੀਆਂ ਪ੍ਰਾਪਤ ਹੋ ਸਕਣ | ਇਸ ਮੌਕੇ ਪ੍ਰੋ. ਬਲਜੀਤ ਸਿੰਘ ਖਹਿਰਾ, ਰਜਿਸਟਰਾਰ, ਅਤੇ ਡਾ. ਕੁਲਦੀਪ ਵਾਲੀਆ ਹਾਜ਼ਰ ਸਨ | ਉਨ੍ਹਾਂ ਨੇ ਪੁਸਤਕ ਦੇ ਪ੍ਰਕਾਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਆਧੁਨਿਕ ਤਕਨਾਲੋਜੀ ਅਤੇ ਕਾਨੂੰਨੀ ਅਧਿਐਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਸਾਬਤ ਹੋਵੇਗੀ | ਸਮਾਗਮ ਦੌਰਾਨ ਯੂਨੀਵਰਸਿਟੀ ਦੇ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਇਸ ਪ੍ਰਕਾਸ਼ਨ ਦੀ ਭਰਪੂਰ ਸਰਾਹਨਾ ਕੀਤੀ | ਇਹ ਪੁਸਤਕ ਲੋਕ ਅਰਪਣ ਸਮਾਗਮ ਯੂਨੀਵਰਸਿਟੀ ਦੀ ਖੋਜ, ਨਵੀਨਤਾ ਅਤੇ ਅਕਾਦਮਿਕ ਉਤਕਿ੍ਸ਼ਟਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ |