ਸਮਾਣਾ, 31 ਜੁਲਾਈ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ 9 ਗ੍ਰਾਮ ਹੈਰੋਇਨ ਤੇ 1.37 ਲੱਖ ਰੁਪਏ ਦੀ ਨਕਦੀ ਸਣੇ ਕਾਬੂ ਕੀਤਾ ਹੈ। ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਭਾਲ ਵਿਚ ਭਾਖੜਾ ਪੁਲ ਸਮਾਣਾ-ਪਟਿਆਲਾ ਸੜਕ ਪਾਸ ਮੌਜੂਦ ਸੀ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕਥਿਤ ਦੋਸ਼ੀ ਤਰਸੇਮ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮੁਰਾਦਪੁਰਾ ਨਸ਼ਾ ਲੈ ਕੇ ਆ ਰਿਹਾ ਹੈ। ਪੁਲਿਸ ਪਾਰਟੀ ਨੇ ਕਮਾਸਪੁਰ ਸੜਕ ’ਤੇ ਨਾਕਾਬੰਦੀ ਕਰਕੇ ਉਕਤ ਕਥਿਤ ਦੋਸ਼ੀ ਨੂੰ 9 ਗ੍ਰਾਮ ਹੈਰੋਇਨ (ਚਿੱਟੇ) ਸਣੇ ਕਾਬੂ ਕੀਤਾ। ਕਥਿਤ ਦੋਸ਼ੀ ਪਾਸੋਂ 1.37 ਲੱਖ ਰੁਪਏ ਦੀ ਨਸ਼ੇ ਦੀ ਰਕਮ ਮਿਲੀ ਹੈ। ਪੁਲਿਸ ਨੇ ਕਥਿਤ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਕਥਿਤ ਦੋਸ਼ੀ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ।