ਰਾਜਪੁਰਾ, 31 ਜੁਲਾਈ (ਜੀ. ਪੀ. ਸਿੰਘ)-ਆਲ ਇੰਡੀਆ ਪੋਸਟਲ ਤੇ ਆਰ. ਐੱਮ. ਐੱਸ. ਪੈਨਸ਼ਨਰ ਐਸੋਸੀਏਸ਼ਨ ਬਰਾਂਚ ਰਾਜਪੁਰਾ ਜਨਰਲ ਬਾਡੀ ਦੀ ਇਕ ਬੈਠਕ ਪੁਰਾਣੀ ਮਿਰਚ ਮੰਡੀ ਸਥਿਤ ਸੀ. ਪੀ. ਆਈ. ਦਫ਼ਤਰ ਵਿਖੇ ਸੇਵਾ ਮੁਕਤ ਏ. ਪੀ. ਐੱਮ. ਧਰਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ 50 ਪੈਨਸ਼ਨਰਜ ਤੋਂ ਵੱਧ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸੰਗਰੂਰ ਤੋਂ ਸੂਬਾ ਪ੍ਰਧਾਨ ਏ. ਪੀ. ਸਿੰਘ, ਐਸੋਸੀਏਸ਼ਨ ਦੇ ਡਿਪਟੀ ਸਕੱਤਰ ਜਗਦੀਸ਼ ਧੀਮਾਨ, ਸਹਾਇਕ ਸਕੱਤਰ ਮੈਨ ਪਾਲ ਚੰਡੀਗੜ੍ਹ ਤੋਂ ਪਹੁੰਚੇ। ਬੈਠਕ ’ਚ ਵੱਖ-ਵੱਖ ਮੁੱਦਿਆਂ ਜਿਵੇਂ ਪੈਨਸ਼ਨ ਨਿਯਮ ਪ੍ਰਮਾਣਿਕਤਾ ਐਕਟ 2025 ਨੂੰ ਰੱਦ ਕੀਤਾ ਜਾਵੇ, ਅੱਠਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੀਆਂ ਸ਼ਰਤਾਂ ’ਚ ਸੋਧ ਕਰਕੇ 2026 ਤੋਂ ਪਹਿਲਾਂ ਦੇ ਪੈਨਸ਼ਨਰਾਂ ਦੀ ਪੈਨਸ਼ਨ ਰਿਵੀਜ਼ਨ ਯਕੀਨੀ ਬਣਾਈ ਜਾਵੇ, ਅੱਠਵੇਂ ਤਨਖ਼ਾਹ ਕਮਿਸ਼ਨ ਦੇ ਲਾਗੂ ਹੋਣ ਤੱਕ ਅੰਤਰਿਮ ਰਾਹਤ ਦਿੱਤੀ ਜਾਵੇ, ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦਾ 50 ਫੀਸਦੀ ਮੂਲ ਤਨਖ਼ਾਹ ਅਤੇ ਪੈਨਸ਼ਨ ਵਿਚ ਸ਼ਾਮਿਲ ਕੀਤਾ ਜਾਵੇ, ਪੈਨਸ਼ਨ ਦਾ ਕਮਿਊਟ ਕੀਤਾ ਗਿਆ ਹਿੱਸਾ 10 ਸਾਲ ਅੱਠ ਮਹੀਨੇ ਵਿਚ ਮੁੜ ਬਹਾਲ ਕੀਤਾ ਜਾਵੇ, ਸੀ. ਜੀ. ਐਚ. ਐੱਸ. ਤੇ ਸਿਹਤ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ, ਏਨ.ਸਿਓਰ ਫੁੱਲ ਪਾਰਟੀ ਇਨ ਪੈਨਸ਼ਨ ਆਦਿ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਬੈਠਕ ’ਚ ਮੁੱਖ ਬੁਲਾਰੇ ਸੂਬਾ ਪ੍ਰਧਾਨ ਏ. ਪੀ. ਸਿੰਘ (ਬਾਬਾ ਜੀ), ਜਗਦੀਸ਼ ਧੀਮਾਨ, ਬਾਬੂ ਸਿੰਘ ਮੌਮੀ, ਬਹਾਦਰ ਸਿੰਘ ਅਤੇ ਐੱਨ. ਪੀ. ਸਿੰਘ ਪਟਿਆਲਾ, ਬਸੀਰ ਮੁਹੰਮਦ, ਰੂਪ ਰਾਮ, ਮਹਿੰਦਰ ਸਿੰਘ ਰਾਜਪੁਰਾ ਅਤੇ ਕਰਨੈਲ ਸਿੰਘ ਪਟਿਆਲਾ ਨੇ ਸੰਬੋਧਨ ਕੀਤਾ। ਬੈਠਕ ’ਚ ਸਰਬ ਸੰਮਤੀ ਦੇ ਨਾਲ ਮਤਾ ਪਾਸ ਕੀਤ ਕਿ ਏ. ਆਈ. ਪੀ. ਆਰ. ਪੀ. ਏ. ਨਵੀਂ ਦਿੱਲੀ ਦੇ ਸੱਦੇ ਮੁਤਾਬਿਕ 17 ਤੋਂ 19 ਸਤੰਬਰ ਤੱਕ ਰਾਜ ਪੱਧਰ ਦੇ ਧਰਨੇ, 25 ਨਵੰਬਰ ਨੂੰ ਦਿੱਲੀ ਵਿਖੇ ਪਾਰਲੀਮੈਂਟ ਮਾਰਚ ਵਿਚ ਸ਼ਮੂਲੀਅਤ ਕੀਤੀ ਜਾਵੇਗੀ।