04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਲੋਟ 'ਚ ਕਣਕ ਦੀ ਖ਼ਰੀਦ ਨੂੰ ਲੈ ਕੇ ਤਿੱਖਾ ਸਿਆਸੀ ਟਕਰਾਅ

ਅਜੀਤ ਡੈਸਕ 19-04-2026
ਮਲੋਟ, 18 ਅਪ੍ਰੈਲ (ਪਾਟਿਲ)-ਮਲੋਟ ਦੀ ਨਵੀਂ ਦਾਣਾ ਮੰਡੀ ਵਿਚ ਕਣਕ ਖ਼ਰੀਦ ਨੂੰ ਲੈ ਕੇ ਉਠੇ ਵਿਵਾਦ ਨੇ ਹੁਣ ਸਿਆਸੀ ਰੂਪ ਧਾਰ ਲਿਆ ਹੈ | ਬੀਤੇ ਦਿਨ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਲਗਾਏ ਦੋਸ਼ਾਂ ਦਾ ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਤਿੱਖਾ ਜਵਾਬ ਦਿੱਤਾ | ਡਾ. ਬਲਜੀਤ ਕੌਰ ਨੇ ਕਿਹਾ ਕਿ ਮਲੋਟ ਮੰਡੀ ਵਿਚ ਖ਼ਰੀਦ ਪ੍ਰਕਿਰਿਆ ਨਿਯਮਾਂ ਅਨੁਸਾਰ ਚੱਲ ਰਹੀ ਹੈ ਅਤੇ ਜਿਸ ਕਿਸਾਨ ਦੀ ਬੋਲੀ ਸ਼ੁਰੂ ਕਰਵਾਈ ਗਈ ਸੀ, ਉਸ ਦੀ ਖ਼ਰੀਦ ਉਸੇ ਦਿਨ ਹੋ ਚੁੱਕੀ ਸੀ | ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਕਿਸਾਨ ਦੀ ਵਾਰੀ ਦੇ ਅਨੁਸਾਰ ਹੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਤਰਜ਼ੀਹ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੜੇ੍ਹਮਾਰੀ ਪ੍ਰਭਾਵਿਤ ਫ਼ਸਲ ਲਈ ਰਿਲੈਕਸੇਸ਼ਨ ਦੇਣ ਵਿਚ ਦੇਰੀ ਕਾਰਨ ਕੁਝ ਰੁਕਾਵਟਾਂ ਆਈਆਂ ਹਨ | ਇਹ ਚਿੱਠੀ 17 ਅਪ੍ਰੈਲ ਨੂੰ ਜਾਰੀ ਹੋਈ, ਜਦਕਿ ਇਹ ਪਹਿਲਾਂ ਆਉਣੀ ਚਾਹੀਦੀ ਸੀ | ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ, ਜੋ ਕਿ ਕੇਂਦਰ ਨਾਲ ਸਿੱਧੀ ਪਹੁੰਚ ਰੱਖਦੇ ਹਨ, ਉਨ੍ਹਾਂ ਨੇ ਇਸ ਮਾਮਲੇ ਵਿਚ ਪਹਿਲ ਕਿਉਂ ਨਹੀਂ ਕੀਤੀ | ਡਾ. ਬਲਜੀਤ ਕੌਰ ਨੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਪਹਿਲਾਂ ਲੋਕਾਂ ਤੋਂ ਦੂਰ ਰਹਿੰਦੇ ਸਨ, ਪਰ ਹੁਣ ਸਿਆਸੀ ਲਾਭ ਲਈ ਮੰਡੀਆਂ ਵਿਚ ਪਹੁੰਚ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਮੁਸ਼ਕਿਲ ਵੇਲੇ ਉਨ੍ਹਾਂ ਦੀ ਮਦਦ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਗੜੇ੍ਹਮਾਰੀ ਕਾਰਨ ਪ੍ਰਭਾਵਿਤ ਕਿਸਾਨਾਂ ਤੇ ਪਸ਼ੂਆਂ ਲਈ ਵੀ ਸਰਕਾਰ ਵਲੋਂ ਸਹਾਇਤਾ ਦਿੱਤੀ ਜਾ ਰਹੀ ਹੈ | ਡਾ. ਬਲਜੀਤ ਕੌਰ ਨੇ ਕਿਹਾ ਕਿ ਲੋਕ ਸੱਚ ਨੂੰ ਜਾਣਦੇ ਹਨ ਅਤੇ ਸਰਕਾਰ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ |
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਸਿਖਲਾਈ ਮੁਕਾਬਲੇ ਕਰਵਾਏ ਅਗਲੀ ਖ਼ਬਰ ਆਈ.ਜੀ. ਅਤੇ ਐੱਸ.ਐੱਸ.ਪੀ. ਵਲੋਂ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।