ਸ੍ਰੀ ਮੁਕਤਸਰ ਸਾਹਿਬ, 7 ਜੂਨ (ਰਣਜੀਤ ਸਿੰਘ ਢਿੱਲੋਂ)-ਪਟਿਆਲਾ ਵਿਖੇ ਪਾਵਰਕਾਮ ਦੇ ਦਫ਼ਤਰ ਸਾਹਮਣੇ ਬੇਰੁਜ਼ਗਾਰ ਅਪ੍ਰੈਂਟਸਿਪ ਲਾਈਨਮੈਨਾਂ ਵਲੋਂ ਦਿੱਤੇ ਗਏ ਸ਼ਾਂਤਮਈ ਰੋਸ ਧਰਨੇ 'ਤੇ ਪੁਲਿਸ ਵਲੋਂ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਬਲਾਕ ਮੁਕਤਸਰ-2 ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਇਸ ਮੌਕੇ ਬੋਲਦਿਆਂ ਬਲਾਕ ਮੁਕਤਸਰ-2 ਦੇ ਪ੍ਰਧਾਨ ਪਰਮਿੰਦਰ ਖੋਖਰ, ਸਕੱਤਰ ਪਰਮਿੰਦਰ ਪਾਲ ਹਰੀਕੇ ਤੇ ਵਿੱਤ ਸਕੱਤਰ ਉਪਕਾਰ ਸਿੰਘ ਬਰੀਵਾਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਘਰ-ਘਰ ਨੌਕਰੀ ਦਾ ਵਾਧਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਰੁਜ਼ਗਾਰ ਦੀ ਮੰਗ ਕਰਦੇ ਯੋਗਤਾ ਪ੍ਰਾਪਤ ਨੌਜਵਾਨਾਂ 'ਤੇ ਪੁਲਿਸ ਪ੍ਰਸ਼ਾਸਨ ਤੋਂ ਲਾਠੀਆਂ ਚਲਵਾ ਰਹੀ ਹੈ | ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਬੇਰੁਜ਼ਗਾਰ ਨੌਜਵਾਨਾਂ 'ਤੇ ਜਿਸ ਪ੍ਰਕਾਰ ਪੁਲਿਸ ਨੇ ਤਸ਼ੱਦਦ ਕੀਤਾ, ਇਹ ਲੋਕਤੰਤਰ ਦਾ ਘਾਣ ਹੈ | ਇਸ ਮੌਕੇ ਸੁਖਜੀਤ ਸਿੰਘ ਉਦੇਕਰਨ, ਅਮੋਲਕ ਸਿੰਘ, ਚਮਨ ਲਾਲ, ਜਸਪਾਲ ਸਿੰਘ ਤੇ ਹਰਪ੍ਰੀਤ ਸਿੰਘ ਥਾਂਦੇਵਾਲਾ ਮੌਜੂਦ ਸਨ |