ਫ਼ਰੀਦਕੋਟ, 14 ਜੁਲਾਈ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਫ਼ਰੀਦਕੋਟ ਦੇ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਨਾਲ ਸਬੰਧਿਤ ਆਗੂਆਂ ਦੀਆਂ ਜ਼ਿਲ੍ਹਾ ਪੱਧਰ ’ਤੇ ਨਿਯਕੁਤੀਆਂ ਕੀਤੀਆਂ ਹਨ। ਜਿਨ੍ਹਾਂ ਵਿਚ 5 ਸੀਨੀਅਰ ਮੀਤ ਪ੍ਰਧਾਨ ਤੇ 6 ਜਨਰਲ ਸਕੱਤਰ ਸ਼ਾਮਿਲ ਹਨ। ਅੱਜ ਜਾਰੀ ਸੂਚੀ ਵਿਚ ਤਰਸੇਮ ਸਿੰਘ ਸਰਪੰਚ, ਜਸਪਾਲ ਸਿੰਘ ਸਰਪੰਚ, ਸੁਖਜਿੰਦਰ ਸਿੰਘ ਕਾਕਾ ਸਰਪੰਚ, ਸਤਨਾਮ ਸਿੰਘ ਸਰਪੰਚ, ਸੁਖਮੰਦਰ ਸਿੰਘ ਸਰਪੰਚ ਨੂੰ ਸੀਨੀਅਰ ਮੀਤ ਪ੍ਰਧਾਨ, ਦਲਜਿੰਦਰ ਸਿੰਘ ਸਰਪੰਚ, ਨਿਰਮਲ ਸਿੰਘ, ਮੱਖਣ ਸਿੰਘ ਸਰਪੰਚ, ਹਰਫ਼ੂਲ ਸਿੰਘ ਸਰਪੰਚ, ਕਰਮਜੀਤ ਸਿੰਘ, ਨਵਤੇਜ ਸਿੰਘ ਸਰਪੰਚ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਮੌਕੇ ਸ਼ੇਰ ਸਿੰਘ ਮੰਡਵਾਲਾ ਨੇ ਦੱਸਿਆ ਕਿ ਇਹ ਨਿਯੁਕਤੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਦੀ ਸਹਿਮਤੀ ਨਾਲ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਨਿਯੁਕਤ ਕੀਤੇ ਗਈ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਗਰਾਊਂਡ ਪੱਧਰ ’ਤੇ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਨਿਯਕੁਤ ਕੀਤੇ ਗਏ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਅਤੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀਆਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਹਨ ਉਹ ਪੂਰੀ ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਪੂਰਾ ਕਰਨਗੇ।