02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਐਲ.ਏ.ਡੀ.ਸੀ ਵਕੀਲਾਂ ਦੇ ਚੈਂਬਰਾਂ ਨੂੰ ਬਾਰ ਐਸੋਸੀਏਸ਼ਨ ਨੇ ਜੜੇ ਤਾਲੇ ਸੰਘਰਸ਼ 16ਵੇਂ ਦਿਨ ਵੀ ਜਾਰੀ

ਅਜੀਤ ਡੈਸਕ 25-07-2026
ਫਰੀਦਕੋਟ, 24 ਜੁਲਾਈ (ਜਸਵੰਤ ਸਿੰਘ ਪੁਰਬਾ)-ਲੀਗਲ ਏਡ ਡਿਫੈਂਸ ਕਾਊਂਸਲ (ਐਲ.ਏ.ਡੀ.ਸੀ) ਸਿਸਟਮ ਦੇ ਵਿਰੋਧ ਵਿਚ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫ਼ਰੀਦਕੋਟ ਦਾ ਸੰਘਰਸ਼ ਅੱਜ 16ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਜਗਪਾਲ ਸਿੰਘ ਬਰਾੜ ਅਤੇ ਬਾਰ ਦੀ ਕਾਰਜਕਾਰੀ ਕਮੇਟੀ ਸੈਕਟਰੀ ਸਿਮਰ ਵਿਜੈ ਵਰਮਾ, ਮੀਤ ਪ੍ਰਧਾਨ ਵਿਪਨ ਤਾਇਲ ਅਤੇ ਕਾਰਜਕਾਰੀ ਕਮੇਟੀ ਦੇ ਬਾਕੀ ਮੈਂਬਰਾਂ ਦੀ ਅਗਵਾਈ ਹੇਠ ਵਕੀਲਾਂ ਨੇ ਆਪਣਾ ਰੋਸ ਹੋਰ ਤੇਜ਼ ਕਰਦੇ ਹੋਏ ਐਲ.ਏ.ਡੀ.ਸੀ ਨਾਲ ਸਬੰਧਿਤ ਵਕੀਲਾਂ ਦੇ ਚੈਂਬਰਾਂ ਨੂੰ ਤਾਲੇ ਜੜ ਦਿੱਤੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਐਲ.ਏ.ਡੀ.ਸੀ. ਸਿਸਟਮ ਵਕੀਲ ਭਾਈਚਾਰੇ ਦੇ ਹਿੱਤਾਂ ਦੇ ਵਿਰੁੱਧ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਅਤੇ ਸਬੰਧਿਤ ਅਧਿਕਾਰੀ ਇਸ ਨੀਤੀ ਨੂੰ ਵਾਪਸ ਨਹੀਂ ਲੈਂਦੇ, ਉਦੋਂ ਤੱਕ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਅੱਜ ਦੇ ਇਸ ਧਰਨੇ ਵਿਚ ਬਾਰ ਕੌਂਸਲ ਦੇ ਮੈਂਬਰ ਹਰਪ੍ਰੀਤ ਮੁਲਤਾਨੀ, ਵਿਸ਼ੇਸ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਮੋਹਨ ਸਿੰਘ ਬਰਾੜ, ਸੁਨੀਲ ਚਾਵਲਾ, ਬਿਕਰਜਮੀਤ ਸਿੰਘ ਬਰਾੜ, ਜਤਿੰਦਰ ਮੜ੍ਹੀਆ, ਨਵਜੋਤ ਸਿੰਘ ਵੈਹਣੀਵਾਲ, ਸਰਨਾਮ ਸਿੰਘ ਸੰਧੂ, ਨੇ ਵੀ ਸੰਬੋਧਨ ਕੀਤਾ। ਅੱਜ ਦੀ ਭੁੱਖ ਹੜਤਾਲ ਵਿਚ 20 ਦੇ ਕਰੀਬ ਵਕੀਲਾਂ ਅਤੇ 2 ਕਲਰਕਾਂ ਨੇ ਭਾਗ ਲਿਆ, ਭੁੱਖ ਹੜਤਾਲ ਵਿਚ ਬੈਠਣ ਵਾਲਿਆਂ ਵਿਚ ਜੈਤੋ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਕੁਲਾਰ, ਗੁਰਲਾਭ ਸਿੰਘ ਔਲਖ, ਮਨਪ੍ਰੀਤ ਕੰਗ, ਰਮਨੀਤ ਸਿੰਘ, ਨਿਸ਼ਾਨ ਸਿੰਘ, ਕਰਨਵੀਰ ਸਿੰਘ, ਖੁਸ਼ਪ੍ਰੀਤ ਸਿੰਘ, ਅਕਾਸ਼ਦੀਪ ਰਿਆਸਤੀ, ਲਖਵਿੰਦਰ ਸਿੰਘ ਲਾਡੀ, ਜਸਮੀਤ ਸਿੰਘ, ਮੁਕੇਸ਼ ਗੌੜ, ਅਸ਼ੋਕ ਗਰਗ, ਹਰਲੋਕ ਨਾਥ ਮੁਠਰੇਜਾ, ਦਰਸ਼ਨ ਅਰੋੜਾ, ਨਰੇਸ਼ ਗੁਪਤਾ, ਗੋਬਿੰਦ ਰਾਮ, ਰਮੇਸ਼ ਸਿੰਘ, ਦਿਲਮਨ ਸਿੰਘ, ਅਮਰਿੰਦਰ ਬਰਾੜ, ਕੁਲਜੀਤ ਕੌਂਸ਼ਲ, ਸ਼ਾਮਿਲ ਸਨ। ਇਸ ਤੋਂ ਇਲਾਵਾ ਐਲ.ਏ.ਡੀ.ਸੀ ਪਾਲਿਸੀ ਦੇ ਵਿਰੋਧ ਵਿਚ ਦਸਤਖ਼ਤ ਮੁਹਿੰਮ ਵੀ ਸ਼ੁਰੂ ਕੀਤੀ ਗਈ, ਜਿਸ ਵਿਚ ਐਡਵਕੋਟ ਕਰਨਦੀਪ ਸਿੰਘ ਭੁੱਲਰ ਅਤੇ ਹੋਰ ਵਕੀਲਾਂ ਨੇ ਕਚਿਹਰੀਆਂ ਵਿਚ ਆਉਣ ਵਾਲੇ ਮੁਕੱਦਮਬਾਜ਼ਾਂ ਅਤੇ ਆਮ ਲੋਕਾਂ ਨੂੰ ਇਸ ਪਾਲਿਸੀ ਬਾਰੇ ਚਾਨਣ ਪਾਇਆ ਅਤੇ ਬਾਅਦ ਵਿਚ ਆਮ ਲੋਕਾਂ ਅਤੇ ਵਕੀਲਾਂ ਨੇ ਇਸ ਦਸਤਖ਼ਤ ਮੁਹਿੰਮ ਦੇ ਤਹਿਤ ਆਪਣੇ ਦਸਤਖਤ ਕੀਤੇ।
ਪਿਛਲੀ ਖ਼ਬਰ ਪਿੰਡ ਥਰਾਜਵਾਲਾ ਦੇ ਵਾਸੀਆਂ ਵਲੋਂ ਬਿਜਲੀ ਗਰਿੱਡ ਅੱਗੇ ਰੋਸ ਧਰਨਾ ਅਗਲੀ ਖ਼ਬਰ ਫਾਰਮਾਸਿਸਟ ਪੇਪਰ ਲੀਕ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ-ਭਾਜਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।