02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਨਿਰਮਲਾ ਦੇਵੀ ਗਰਗ ਨੇ ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਹੇਠ ਬਣੀ ਨਵੀਂ ਟੀਮ ਤੋਂ ਸ਼ਹਿਰ ਵਾਸੀਆਂ ਨੂੰ ਵੱਡੀਆਂ ਉਮੀਦਾਂ

ਅਜੀਤ ਡੈਸਕ 30-07-2026
ਜੈਤੋ, 29 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)- ਨਗਰ ਕੌਂਸਲ ਜੈਤੋ ਦੇ ਇਤਿਹਾਸ ਵਿਚ ਅੱਜ ਇਕ ਅਹਿਮ ਪੜਾਅ ਉਸ ਵੇਲੇ ਆਇਆ ਜਦੋਂ ਵਾਰਡ ਨੰਬਰ 11 ਤੋਂ ਨਿਰਵਿਰੋਧ ਚੁਣੇ ਗਏ ਕੌਂਸਲਰ ਨਿਰਮਲਾ ਦੇਵੀ ਗਰਗ ਪਤਨੀ ਧਰਮਪਾਲ ਗਰਗ ਅਤੇ ਪੰਜਾਬ ਰਾਜ ਵਪਾਰੀ ਕਮਿਸ਼ਨ (ਆਬਕਾਰੀ ਅਤੇ ਕਰ ਵਿਭਾਗ) ਦੇ ਚੇਅਰਮੈਨ ਸ਼ੈਲੀ ਗਰਗ ਦੀ ਮਾਤਾ ਨੇ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਵਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ। ਕਾਰਜਕਾਰੀ ਅਧਿਕਾਰੀ (ਈ.ਓ.) ਮਨਿੰਦਰਪਾਲ ਸਿੰਘ ਨੇ ਸਰਕਾਰੀ ਨਿਯਮਾਂ ਅਨੁਸਾਰ ਚਾਰਜ ਸੰਭਾਲਣ ਦੀਆਂ ਸਾਰੀਆਂ ਰਸਮੀ ਅਤੇ ਪ੍ਰਸ਼ਾਸਨਿਕ ਕਾਰਵਾਈਆਂ ਮੁਕੰਮਲ ਕਰਵਾਈਆਂ। ਨਵੇਂ ਪ੍ਰਧਾਨ ਦੇ ਅਹੁਦਾ ਸੰਭਾਲਣ ਨਾਲ ਨਗਰ ਕੌਂਸਲ ਜੈਤੋ ਵਿਚ ਵਿਕਾਸ ਦੀ ਇਕ ਨਵੀਂ ਸ਼ੁਰੂਆਤ ਵਜੋਂ ਇਸ ਨੂੰ ਦੇਖਿਆ ਜਾ ਰਿਹਾ ਹੈ। ਕੁਰਸੀ ’ਤੇ ਬੈਠਣ ਸਮੇਂ ਵਿਧਾਇਕ ਅਮੋਲਕ ਸਿੰਘ ਵਲੋਂ ਨਿਰਮਲਾ ਦੇਵੀ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਜਦ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਵਾਲਾ ਮਿਹਨਤੀ ਸੂਝਵਾਨ ਤੇ ਸੀਨੀਅਰ ਔਰਤ ਦੇ ਰੂਪ ਵਿਚ ਪ੍ਰਧਾਨ ਮਿਲਿਆ ਜੋ ਸ਼ਹਿਰ ਦੇ ਵਿਕਾਸ ਲਈ ਅਹਿਮ ਫ਼ੈਸਲੇ ਲੈਣ ਲਈ ਵੱਡੀ ਜ਼ਿੰਮੇਵਾਰੀ ਨਿਭਾਵੇਗਾ। ਸ਼ਹਿਰ ਵਾਸੀਆਂ ਨੂੰ ਆਸ ਹੈ ਕਿ ਹੁਣ ਵਿਕਾਸ ਨਾਲ ਜੁੜੇ ਅਨੇਕਾਂ ਪ੍ਰੋਜੈਕਟਾਂ ਨੂੰ ਗਤੀ ਮਿਲੇਗੀ ਅਤੇ ਜੈਤੋ ਨੂੰ ਆਧੁਨਿਕ ਸ਼ਹਿਰ ਬਣਾਉਣ ਵੱਲ ਠੋਸ ਕਦਮ ਚੁੱਕੇ ਜਾਣਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੀ ਮੀਟਿੰਗ ਹੋਈ ਸੀ, ਜਿਸ ਵਿਚ ਨਿਰਮਲਾ ਦੇਵੀ ਗਰਗ ਦੇ ਨਾਮ ’ਤੇ ਸਰਬਸੰਮਤੀ ਬਣੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਗਰ ਕੌਂਸਲ ਜੈਤੋ ਦਾ ਪ੍ਰਧਾਨ ਚੁਣਿਆ ਗਿਆ। ਰਾਜਨੀਤਿਕ ਹਲਕਿਆਂ ਵਿਚ ਇਸ ਨੂੰ ਪਾਰਟੀ ਦੀ ਮਜ਼ਬੂਤ ਏਕਤਾ ਅਤੇ ਸੁਚੱਜੇ ਸੰਗਠਨ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਜੈਤੋ ਵਿਚ ਇਤਿਹਾਸਕ ਜਿੱਤ ਦਰਜ ਕੀਤੀ। ਕੁੱਲ 17 ਵਾਰਡਾਂ ਵਿਚੋਂ 7 ਵਾਰਡਾਂ ਵਿਚ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਚੁਣੇ ਗਏ, ਜਦਕਿ ਬਾਕੀ 10 ਵਾਰਡਾਂ ਵਿਚ ਹੋਈਆਂ ਚੋਣਾਂ ਵਿਚੋਂ 5 ਸੀਟਾਂ ’ਤੇ ਜਿੱਤ ਦਰਜ ਕਰਕੇ ਪਾਰਟੀ ਨੇ ਕੁੱਲ 12 ਕੌਂਸਲਰਾਂ ਨਾਲ ਸਪੱਸ਼ਟ ਬਹੁਮਤ ਹਾਸਿਲ ਕੀਤਾ। ਫ਼ਰੀਦਕੋਟ ਜ਼ਿਲ੍ਹੇ ਵਿਚ ਇਹ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਨਗਰ ਕੌਂਸਲ ਜਿੱਤ ਵਜੋਂ ਸਾਹਮਣੇ ਆਈ, ਜਿਸ ਦਾ ਸਿਹਰਾ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ, ਸੰਗਠਨਾਤਮਕ ਰਣਨੀਤੀ ਅਤੇ ਵਰਕਰਾਂ ਦੀ ਲਗਾਤਾਰ ਮਿਹਨਤ ਨੂੰ ਦਿੱਤਾ ਜਾ ਰਿਹਾ ਹੈ। ਨਿਰਮਲਾ ਦੇਵੀ ਗਰਗ ਦੇ ਪ੍ਰਧਾਨ ਬਣਨ ਨਾਲ ਸ਼ਹਿਰ ਦੇ ਲੋਕਾਂ ਵਿਚ ਵਿਕਾਸ ਨੂੰ ਲੈ ਕੇ ਨਵੀਆਂ ਉਮੀਦਾਂ ਜਾਗੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਸਫ਼ਾਈ ਪ੍ਰਬੰਧ ਨੂੰ ਹੋਰ ਬਿਹਤਰ ਬਣਾਉਣ, ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ, ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ, ਟੁੱਟੀਆਂ ਸੜਕਾਂ ਦੀ ਮੁਰੰਮਤ, ਨਵੀਆਂ ਸੜਕਾਂ ਦੇ ਨਿਰਮਾਣ, ਸਟਰੀਟ ਲਾਈਟਾਂ ਦੀ ਸੁਧਾਰ, ਪਾਰਕਾਂ ਦੇ ਸੁੰਦਰੀਕਰਨ, ਡਰੇਨੇਜ ਪ੍ਰਬੰਧ, ਕੂੜਾ ਪ੍ਰਬੰਧਨ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਸੁੰਦਰਤਾ ਪ੍ਰੋਜੈਕਟਾਂ, ਆਵਾਜਾਈ ਪ੍ਰਬੰਧ ਅਤੇ ਲੋਕਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਦੇ ਹੱਲ ਲਈ ਵੀ ਨਵੀਂ ਟੀਮ ਤੋਂ ਵੱਡੀਆਂ ਉਮੀਦਾਂ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਗਰ ਕੌਂਸਲ ਵਿਚ ਸਪੱਸ਼ਟ ਬਹੁਮਤ ਅਤੇ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਕਾਰਨ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਅਤੇ ਅਮਲ ਵਿਚ ਲਿਆਉਣ ਦੀ ਪ੍ਰਕਿਰਿਆ ਹੋਰ ਤੇਜ਼ ਹੋ ਸਕਦੀ ਹੈ। ਜੇਕਰ ਨਗਰ ਕੌਂਸਲ, ਸਰਕਾਰ ਅਤੇ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਬਣਿਆ ਰਹਿੰਦਾ ਹੈ ਤਾਂ ਜੈਤੋ ਆਉਣ ਵਾਲੇ ਸਮੇਂ ਵਿਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕਰ ਸਕਦਾ ਹੈ। ਅਹੁਦਾ ਸੰਭਾਲਣ ਮੌਕੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਪਾਰਟੀ ਆਗੂ, ਜਨ-ਪ੍ਰਤੀਨਿਧੀ, ਕੌਂਸਲਰ, ਸਮਾਜ ਸੇਵੀ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ। ਇਸ ਮੌਕੇ ਡਾ. ਲਛਮਣ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਗੋਬਿੰਦਰ ਸਿੰਘ ਵਾਲੀਆ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਧਰਮਜੀਤ ਸਿੰਘ ਰਾਮੇਆਣਾ ਵਾਈਸ ਚੇਅਰਮੈਨ ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ, ਗੁਰਭੇਜ ਸਿੰਘ ਬਰਾੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਰਿੰਦਰਪਾਲ ਸਿੰਘ ਰਾਮੇਆਣਾ, ਪ੍ਰਵੀਨ ਗਰਗ, ਲਖਵਿੰਦਰ ਸਿੰਘ ਲੱਖਾ ਬਰਾੜ, ਗੁਰਚਰਨ ਸਿੰਘ, ਮਨਜੀਤ ਸ਼ਰਮਾ, ਮਮਤਾ ਰਾਣੀ, ਜਸਵੀਰ ਕੌਰ, ਮਨਦੀਪ ਕੌਰ, ਬੇਅੰਤ ਸਿੰਘ ਰਾਜੂ, ਪ੍ਰਿਯੰਕਾ ਰਾਣੀ, ਅਮਰ ਸਿੰਘ, ਸੀਮਾ ਸ਼ਰਮਾ, ਦਰਸ਼ਨਾ ਜੋਸ਼ੀ, ਸਰਬਜੀਤ ਕੌਰ, ਬਿਮਲਾ ਦੇਵੀ, ਅੰਕੁਸ਼ ਬਾਂਸਲ, ਨਰੇਸ਼ ਜਿੰਦਲ, ਭੀਮ ਸੈਨ ਜਿੰਦਲ, ਅਸ਼ੀਸ਼ ਜਿੰਦਲ, ਸੀਤਾ ਰਾਮ ਬਾਂਸਲ, ਪ੍ਰਵੀਨ ਬਾਂਸਲ, ਰਾਕੇਸ਼ ਕਾਂਸਲ, ਵਿਜੈ ਕਾਂਸਲ, ਸਤਪਾਲ ਜਿੰਦਲ, ਪ੍ਰਵੀਨ ਜਿੰਦਲ, ਬਲਰਾਜ ਸਿੰਘ ਬਿਸਨੰਦੀ, ਜਸਮੇਲ ਸਿੰਘ ਬਾਜਾਖਾਨਾ ਸਮੇਤ ਹੋਰ ਅਨੇਕਾਂ ਆਗੂ ਹਾਜ਼ਰ ਸਨ। ਸਾਰੇ ਆਗੂਆਂ ਨੇ ਨਿਰਮਲਾ ਦੇਵੀ ਗਰਗ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਨਗਰ ਕੌਂਸਲ ਜੈਤੋ ਲੋਕ-ਹਿੱਤ ਨੂੰ ਕੇਂਦਰ ਵਿਚ ਰੱਖ ਕੇ ਪਾਰਦਰਸ਼ੀ, ਜਵਾਬਦੇਹ ਅਤੇ ਵਿਕਾਸ ਮੁਖੀ ਪ੍ਰਸ਼ਾਸਨ ਦੀ ਨਵੀਂ ਮਿਸਾਲ ਕਾਇਮ ਕਰੇਗੀ।
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।