ਮਲੋਟ, 15 ਫ਼ਰਵਰੀ (ਪਾਟਿਲ)-ਮਹਾਂ ਸ਼ਿਵਰਾਤਰੀ ਮੌਕੇ ਬਾਬਾ ਅਮਰਨਾਥ ਸੇਵਾ ਦਲ ਮਲੋਟ ਵਲੋਂ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦਾ ਆਰੰਭ ਸ਼ਿਵ ਮੰਦਰ ਨਾਗਪਾਲ ਨਗਰ ਮਲੋਟ ਤੋਂ ਕੀਤਾ ਗਿਆ | ਸ਼ੁਰੂਆਤ ਮੌਕੇ ਮਹਾਂਵੀਰ ਗਊਸ਼ਾਲਾ ਦੇ ਸੇਵਕ ਪੰਡਿਤ ਜਉਰੀ ਝੰਡੀ ਦੇ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ | ਸ਼ੋਭਾ ਯਾਤਰਾ ਦੌਰਾਨ ਭੋਲੇਨਾਥ ਦੇ ਪਰਿਵਾਰ ਦੀਆਂ ਵੱਖ-ਵੱਖ ਝਾਕੀਆਂ ਸਜਾਈਆਂ ਗਈਆਂ | ਸ਼ਿਵ ਭਗਤਾਂ ਨੇ ਇਕ ਦੂਜੇ 'ਤੇ ਗੁਲਾਲ ਸੁੱਟ ਕੇ ਅਤੇ ਨੱਚ ਟੱਪ ਕੇ ਭੋਲੇਨਾਥ ਦਾ ਗੁਣਗਾਨ ਕੀਤਾ | ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਸ਼ਿਵ ਮੰਦਰ ਮਲੋਟ ਨਾਗਪਾਲ ਨਗਰ ਵਿਖੇ ਸਮਾਪਤ ਹੋਈ | ਸ਼ੋਭਾ ਯਾਤਰਾ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਸਮਾਜ ਸੇਵੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸੇਵਾ ਦਲ ਦੇ ਸਤੀਸ਼ ਅਸੀਜਾ, ਹਰਚਰਨ ਸਿੰਘ ਸ਼ੇਰੀ, ਵਿਨੋਦ ਗੋਇਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਭਾਜਪਾ ਆਗੂ ਗੋਰਾ ਪਠੇਲਾ ਅਤੇ ਸੇਵਾ ਦਲ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |