ਕੋਟਕਪੂਰਾ, 19 ਫ਼ਰਵਰੀ (ਮੇਘਰਾਜ)-ਸਥਾਨਕ ਬਠਿੰਡਾ ਰੋਡ 'ਤੇ ਸਥਿਤ ਢਿੱਲੋਂ ਕਾਲੋਨੀ ਦੀ ਵਿਕਾਸ ਕਮੇਟੀ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਾਸੀਆਂ ਵਲੋਂ ਸਪੀਕਰ ਸੰਧਵਾਂ ਨੂੰ ਮੁਹੱਲੇ ਦੀਆਂ ਰਹਿੰਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ | ਸਪੀਕਰ ਸੰਧਵਾਂ ਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾ ਕੇ ਸਮੱਸਿਆਵਾਂ ਦਾ ਹੱਲ ਕੀਤਾ | ਵਿਕਾਸ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਬਰਾੜ ਦੇ ਗ੍ਰਹਿ ਵਿਖੇ ਸਪੀਕਰ ਸੰਧਵਾਂ ਦਾ ਸਨਮਾਨ ਕਰਨ ਮੌਕੇ ਧਨਵੰਤ ਸਿੰਘ ਖਹਿਰਾ ਨੇ ਕਿਹਾ ਕਿ ਸਪੀਕਰ ਸੰਧਵਾਂ ਨੇ ਢਿੱਲੋਂ ਕਲੋਨੀ ਦੇ ਵਸਨੀਕਾਂ ਦੀ 40 ਸਾਲ ਤੋਂ ਵੀ ਜ਼ਿਆਦਾ ਸਮਾਂ ਪੁਰਾਣੀ ਸਮੱਸਿਆ ਦਾ ਹੱਲ ਕੀਤਾ ਹੈ | ਉਨ੍ਹਾਂ ਕਿਹਾ ਕਿ ਗਲੀਆਂ-ਨਾਲੀਆਂ ਦੀ ਮੁੱਢਲੀ ਸਮੱਸਿਆ ਦੇ ਹੱਲ ਲਈ ਉਹ ਹਰੇਕ ਸਰਕਾਰ ਦੇ ਚੁਣੇ ਨੁਮਾਇੰਦੇ ਅਤੇ ਸਬੰਧਿਤ ਅਧਿਕਾਰੀ ਕੋਲ ਗਏ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਮਿਆਰੀ ਢੰਗ ਨਾਲ ਹੋਏ ਗਲੀਆਂ-ਨਾਲੀਆਂ ਦੇ ਵਿਕਾਸ ਕਾਰਜ ਤੋਂ ਢਿੱਲੋਂ ਕਾਲੋਨੀ ਦੇ ਵਸਨੀਕ ਪੂਰੀ ਤਰਾਂ ਸੰਤੁਸ਼ਟ ਹਨ | ਮੁਹੱਲਾ ਵਿਕਾਸ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਬਰਾੜ ਨੇ ਕੰਮ ਨੂੰ ਨੇਪਰੇ ਚਾੜਨ ਲਈ ਸਪੀਕਰ ਸੰਧਵਾਂ ਵਲੋਂ ਕੀਤੀਆਂ ਸਖਤ ਹਦਾਇਤਾਂ ਦੀ ਵੀ ਪ੍ਰਸੰਸਾ ਅਤੇ ਸ਼ਲਾਘਾ ਕੀਤੀ | ਅੰਤ 'ਚ ਢਿੱਲੋਂ ਕਲੋਨੀ ਦੇ ਵਸਨੀਕਾਂ ਨੇ ਸਪੀਕਰ ਸੰਧਵਾਂ ਦਾ ਯਾਦਗਾਰੀ ਤਸਵੀਰ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ | ਇਸ ਮੌਕੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਖਰੈਤੀ ਲਾਲ ਸ਼ਰਮਾ, ਗੁਰਵਿੰਦਰ ਸਿੰਘ, ਬਲਤੇਜ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ, ਹਰਜੀਤ ਸਿੰਘ ਵਾਲੀਆ, ਗੁਰਦਿੱਤਾਂ ਖਾਨ, ਬਲਵੀਰ ਸਿੰਘ ਲੰਭਵਾਲੀ, ਤਰਲੋਕ ਸਿੰਘ, ਗੁਰਦੇਵ ਸਿੰਘ ਸਮੇਤ ਹੋਰ ਵੀ ਮੁਹੱਲਾ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |